ਨਵੀਂ ਦਿੱਲੀ, 12 ਫਰਵਰੀ| ਭਾਰਤ ਨੇ ਇਕ ਵਾਰ ਫਿਰ ਵੱਡੀ ਕੂਟਨੀਤਕ ਜਿੱਤ ਹਾਸਲ ਕੀਤੀ ਹੈ। ਕਤਰ ਵਿਚ ਮੌਤ ਦੀ ਸਜ਼ਾ ਸੁਣਾਏ ਗਏ ਅੱਠ ਭਾਰਤੀਆਂ ਨੂੰ ਰਿਹਾਅ ਕਰ ਦਿਤਾ ਗਿਆ ਹੈ। ਭਾਰਤ ਸਰਕਾਰ ਨੇ ਸਾਰੇ ਅੱਠ ਭਾਰਤੀਆਂ ਦੀ ਰਿਹਾਈ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅੱਠ ਭਾਰਤੀਆਂ ਵਿਚੋਂ ਸੱਤ ਭਾਰਤ ਪਰਤ ਆਏ ਹਨ। ਅਸੀਂ ਕਤਰ ਦੇ ਅਮੀਰ ਦੇ ਆਪਣੇ ਨਾਗਰਿਕਾਂ ਦੀ ਰਿਹਾਈ ਅਤੇ ਘਰ ਵਾਪਸੀ ਦੀ ਆਗਿਆ ਦੇਣ ਦੇ ਫੈਸਲੇ ਦੀ ਸ਼ਲਾਘਾ ਕਰਦੇ ਹਾਂ।

ਅੱਠ ਸਾਬਕਾ ਜਲ ਸੈਨਿਕ ਦੋਹਾ ਸਥਿਤ ਅਲ ਡਾਹਰਾ ਗਲੋਬਲ ਟੈਕਨਾਲੋਜੀਜ਼ ਵਿੱਚ ਕੰਮ ਕਰਦੇ ਸਨ। ਉਨ੍ਹਾਂ ਨੂੰ ਅਗਸਤ 2022 ਵਿਚ ਜਾਸੂਸੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ, ਦੋਸ਼ਾਂ ਨੂੰ ਕਦੇ ਵੀ ਜਨਤਕ ਨਹੀਂ ਕੀਤਾ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਸਾਰਿਆਂ ‘ਤੇ ਪਣਡੁੱਬੀ ਪ੍ਰਾਜੈਕਟ ਦੀ ਜਾਸੂਸੀ ਕਰਨ ਦਾ ਦੋਸ਼ ਸੀ। ਅਲ ਦਹਰਾਹ ਗਲੋਬਲ ਕੰਪਨੀ ਕਤਰ ਦੇ ਫੌਜੀ ਬਲਾਂ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਸਿਖਲਾਈ ਅਤੇ ਹੋਰ ਸੇਵਾਵਾਂ ਪ੍ਰਦਾਨ ਕਰਦੀ ਹੈ।

ਸਾਬਕਾ ਜਲ ਸੈਨਿਕਾਂ ਨੂੰ ਇਕ ਸਾਲ ਤੋਂ ਵੱਧ ਸਮਾਂ ਜੇਲ ਵਿਚ ਬਿਤਾਉਣ ਤੋਂ ਬਾਅਦ ਅਕਤੂਬਰ ਵਿੱਚ ਕਤਰ ਦੀ ਇੱਕ ਹੇਠਲੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਕੇਂਦਰ ਸਰਕਾਰ ਇਸ ਤੋਂ ਹੈਰਾਨ ਸੀ ਕਿਉਂਕਿ ਕਤਰ ਨੇ ਇਸ ਸਬੰਧ ਵਿਚ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਭਾਰਤ ਨੇ ਫੈਸਲੇ ਖਿਲਾਫ ਅਪੀਲ ਕੀਤੀ ਸੀ। ਕਤਰ ਭਾਰਤ ਨੂੰ ਕੁਦਰਤੀ ਗੈਸ ਦਾ ਵੱਡਾ ਸਪਲਾਇਰ ਹੈ। ਉੱਥੇ ਕਰੀਬ ਅੱਠ ਲੱਖ ਭਾਰਤੀ ਕੰਮ ਕਰਦੇ ਹਨ। ਦੋਵਾਂ ਦੇਸ਼ਾਂ ਵਿਚਾਲੇ ਹਮੇਸ਼ਾ ਚੰਗੇ ਸਬੰਧ ਰਹੇ ਹਨ।

ਹਾਲਾਂਕਿ, ਭਾਰਤ ਨੂੰ ਹਾਲ ਹੀ ਵਿੱਚ ਕੂਟਨੀਤਕ ਸਫਲਤਾ ਮਿਲੀ ਜਦੋਂ ਕਤਰ ਨੇ ਅੱਠ ਅਧਿਕਾਰੀਆਂ ਦੀ ਮੌਤ ਦੀ ਸਜ਼ਾ ਨੂੰ ਖਤਮ ਕਰ ਦਿਤਾ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ ਹੈ।