ਚੰਡੀਗੜ੍ਹ | ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਨੇ ਦੂਜੇ ਸੂਬਿਆਂ ਤੋਂ ਝੋਨੇ/ਚਾਵਲ ਦੀ ਗੈਰ-ਕਾਨੂੰਨੀ ਸਮੱਗਲਿੰਗ ਵਿਰੁੱਧ ਕਾਰਵਾਈ ਸ਼ੁਰੂ ਕਰਦਿਆਂ ਸੂਬੇ ‘ਚ ਝੋਨੇ ਦੀ ਖਰੀਦ (3 ਅਕਤੂਬਰ) ਸ਼ੁਰੂ ਹੋਣ ਤੋਂ ਹੁਣ ਤੱਕ ਆਪਣੀ ਉਪਜ ਵੇਚਣ ਦੀ ਕੋਸ਼ਿਸ਼ ਕਰਨ ਵਾਲੇ 16 ਵਿਅਕਤੀਆਂ ਵਿਰੁੱਧ 8 ਐੱਫਆਈਆਰਜ਼ ਦਰਜ ਕੀਤੀਆਂ ਹਨ।

ਕਾਰਜਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਨਸਾ, ਪਟਿਆਲਾ, ਕਪੂਰਥਲਾ, ਤਰਨਤਾਰਨ ਤੇ ਸੰਗਰੂਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਕੋਲੋਂ 7260 ਕੁਇੰਟਲ ਝੋਨਾ/ਚੌਲ ਅਤੇ 7 ਵਾਹਨ/ਟਰੱਕ ਜ਼ਬਤ ਕੀਤੇ ਗਏ ਹਨ।

ਜਾਣਕਾਰੀ ਅਨੁਸਾਰ ਕੁਝ ਬੇਈਮਾਨ ਤੱਤ ਦੂਜੇ ਸੂਬਿਆਂ ਤੋਂ ਸਸਤੇ ਭਾਅ ‘ਤੇ ਝੋਨਾ ਲਿਆ ਕੇ ਪੰਜਾਬ ਵਿੱਚ ਅਣਅਧਿਕਾਰਤ ਸਟੋਰੇਜ ਜਾਂ ਫਿਰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ‘ਤੇ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨਾਲ ਬੋਗਸ ਬਿਲਿੰਗ ਆਦਿ ਵਰਗੇ ਗਲਤ ਕਾਰਜਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ।

ਡੀਜੀਪੀ ਸਹੋਤਾ ਨੇ ਦੱਸਿਆ ਕਿ ਭਲਾਈ ਵਿਭਾਗ ਦੇ ਏਡੀਜੀਪੀ ਵੀ. ਨੀਰਜਾ ਨੂੰ ਸੂਬੇ ਵਿੱਚ ਅਣਅਧਿਕਾਰਤ ਅਨਾਜ ਅਤੇ ਝੋਨੇ ਦੀ ਰੋਕਥਾਮ ਲਈ ਅੰਤਰਰਾਜੀ ਨਾਕਿਆਂ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸੂਬੇ ਵਿੱਚ ਹੁਣ ਤੱਕ ਕੁੱਲ 217547 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।