ਜਲੰਧਰ, 31 ਅਕਤੂਬਰ|  ਗਦਈਪੁਰ ’ਚ ਘਰੇਲੂ ਝਗੜੇ ਕਾਰਨ ਪਤਨੀ ਨੇ ਜ਼ਹਿਰ ਨਿਗਲ ਲਿਆ ਤੇ ਪਤੀ ਨੇ ਜਾਨ ਦੇ ਦਿੱਤੀ। ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਲਾਸ਼ਾਂ ਸੜਨ ਲੱਗੀਆਂ ਤੇ ਬਦਬੂ ਆਉਣ ’ਤੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮ੍ਰਿਤਕਾ ਦੀ ਪਛਾਣ ਪ੍ਰੇਮ ਬਹਾਦੁਰ ਤੇ ਉਸ ਦੀ ਪਤਨੀ ਭਾਵਨਾ ਵਾਸੀ ਨੇਪਾਲ ਹਾਲ ਵਾਸੀ ਗਦਈਪੁਰ ਵਜੋਂ ਹੋਈ ਹੈ। ਸੂਚਨਾ ਮਿਲਣ ’ਤੇ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।

ਬੱਚੇ ਨਾ ਹੋਣ ਕਾਰਨ ਦੋਵਾਂ ‘ਚ ਚੱਲਦਾ ਰਹਿੰਦਾ ਸੀ ਵਿਵਾਦ

ਪ੍ਰੇਮ ਤੇ ਭਾਵਨਾ ਦੇ ਵਿਆਹ ਨੂੰ ਕਰੀਬ ਤਿੰਨ ਸਾਲ ਹੋ ਗਏ ਸਨ। ਦੋਵਾਂ ਦੇ ਕੋਈ ਔਲਾਦ ਨਾ ਹੋਣ ਕਾਰਨ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਦੇਵੇਂ ਪਤੀ-ਪਤਨੀ ਬੱਚੇ ਨਾ ਹੋਣ ਕਾਰਨ ਅਕਸਰ ਉਦਾਸ ਰਹਿੰਦੇ ਸਨ। ਮ੍ਰਿਤਕ ਵੇਟਰ ਪ੍ਰੇਮ ਵੀ ਕਿਤੇ ਨਾ ਕਿਤੇ ਇਸੇ ਕਾਰਨ ਦਾਰੂ ਜ਼ਿਆਦਾ ਪੀਣ ਲੱਗ ਪਿਆ ਸੀ। ਜਿਸ ਕਾਰਨ ਘਰ ਵਿਚ ਰੋਜ਼ਾਨਾ ਲੜਾਈ ਹੁੰਦੀ ਸੀ। ਲੜਾਈ ਤੋਂ ਬਾਅਦ ਵੇਟਰ ਦਾ ਕੰਮ ਕਰਨ ਵਾਲਾ ਪ੍ਰੇਮ ਅਕਸਰ ਘਰੋਂ ਚਲਾ ਜਾਂਦਾ ਸੀ। ਘਟਨਾ ਵਾਲੇ ਦਿਨ ਵੀ ਉਹ ਘਰੋਂ ਚਲਾ ਗਿਆ ਸੀ ਪਰ ਜਦੋਂ ਵਾਪਸ ਆਇਆ ਤਾਂ ਉਸ ਦੀ ਪਤਨੀ ਮ੍ਰਿਤਕ ਪਈ ਸੀ। ਇਸੇ ਸਦਮੇ ਕਾਰਨ ਉਸ ਨੇ ਵੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।

ਪੁਲਿਸ ਨੂੰ ਆਂਢ-ਗੁਆਂਢ ਦੇ ਲੋਕਾਂ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਰਾਤ ਨੂੰ ਭਾਵਨਾ ਤੇ ਪ੍ਰੇਮ ਵਿਚਕਾਰ ਇਸੇ ਕਾਰਨ ਲੜਾਈ ਹੋਈ ਸੀ। ਪ੍ਰੇਮ ਤੇ ਭਾਵਨਾ ਘਰ ਦਾ ਖਰਚਾ ਪੂਰਾ ਕਰਨ ਲਈ ਕੰਮ ਕਰਦੇ ਸਨ ਪਰ ਪ੍ਰੇਮ  ਟੈਨਸ਼ਨ ਵਿਚ ਰਹਿਣ ਕਾਰਨ ਸ਼ਰਾਬ ’ਤੇ ਪੈਸੇ ਖਰਚ ਕਰਦਾ ਸੀ ਤੇ ਘਰ ਪੈਸੇ ਨਹੀਂ ਦਿੰਦਾ ਸੀ। ਇਸ ਕਾਰਨ ਘਰ ’ਚ ਕਲੇਸ਼ ਰਹਿੰਦਾ ਸੀ।

ਤਿੰਨ ਦਿਨ ਪਹਿਲਾਂ ਜਦੋਂ ਦੋਵਾਂ ’ਚ ਝਗੜਾ ਹੋਇਆ ਤਾਂ ਲੋਕਾਂ ਨੇ ਭਾਵਨਾ ਨੂੰ ਲੜਦੇ ਹੋਏ ਬਾਹਰ ਆਉਂਦੇ ਦੇਖਿਆ। ਭਾਵਨਾ ਨੇ ਗੁੱਸੇ ’ਚ ਚੂਹਿਆਂ ਨੂੰ ਮਾਰਨ ਵਾਲੀ ਦਵਾਈ ਖਾ ਲਈ ਸੀ। ਜਦੋਂ ਪ੍ਰੇਮ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਭਾਵਨਾ ਮਰ ਚੁੱਕੀ ਹੈ ਤਾਂ ਪ੍ਰੇਮ ਨੇ ਆਪਣੇ ਰਿਸ਼ਤੇਦਾਰ ਨੂੰ ਦੱਸਿਆ ਕਿ ਭਾਵਨਾ ਮਰ ਚੁੱਕੀ ਹੈ ਤੇ ਉਹ ਵੀ ਮਰਨ ਜਾ ਰਿਹਾ ਹੈ।

ਜਦੋਂ ਉਸ ਨੇ ਫੋਨ ਬੰਦ ਕੀਤਾ ਤਾਂ ਉਸ ਦੇ ਰਿਸ਼ਤੇਦਾਰ ਨੇ ਪਹਿਲਾਂ ਹੁਸ਼ਿਆਰਪੁਰ ਰਹਿੰਦੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਤੇ ਫਿਰ ਹੁਸ਼ਿਆਰਪੁਰ ਰਹਿੰਦੇ ਰਿਸ਼ਤੇਦਾਰ ਨੇ ਜਲੰਧਰ ਬਸਤੀ ਬਾਵਾ ਖੇਲ ਨੇੜੇ ਰਹਿੰਦੇ ਰਿਸ਼ਤੇਦਾਰ ਨੂੰ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ। ਉਕਤ ਰਿਸ਼ਤੇਦਾਰਾਂ ਨੂੰ ਵੀ ਤਿੰਨ ਦਿਨਾਂ ਬਾਅਦ ਪਤਾ ਲੱਗਾ। ਜਦ ਤੱਕ ਉਹ ਕਮਰੇ ਤੱਕ ਪਹੁੰਚੇ ਤਾਂ ਦੋਵਾਂ ਦੀ ਮੌਤ ਦੀ ਖਬਰ ਉਨ੍ਹਾਂ ਨੂੰ ਮਿਲੀ।