ਨਵੀਂ ਦਿੱਲੀ, 29 ਅਕਤੂਬਰ| ਦੇਸ਼ ਭਰ ਵਿਚ ਪਿਆਜ਼ ਦੀਆਂ ਕੀਮਤਾਂ (onion price) ਵਿੱਚ ਅਚਾਨਕ ਵਾਧਾ ਹੋਇਆ ਹੈ। 27 ਅਕਤੂਬਰ ਨੂੰ ਦਿੱਲੀ ‘ਚ ਪਿਆਜ਼ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ। ਖਦਸ਼ਾ ਹੈ ਕਿ ਆਉਣ ਵਾਲੇ ਦਿਨਾਂ ‘ਚ ਇਹ 100 ਰੁਪਏ ਦਾ ਅੰਕੜਾ ਪਾਰ ਕਰ ਜਾਵੇਗਾ।

ਖਰੀਦਦਾਰਾਂ ਅਤੇ ਪਿਆਜ਼ ਵਿਕਰੇਤਾਵਾਂ ਅਨੁਸਾਰ ਪਿਆਜ਼ ਦੀਆਂ ਕੀਮਤਾਂ ਵਿੱਚ ਹਰ ਰੋਜ਼ 20 ਰੁਪਏ ਦਾ ਵਾਧਾ ਹੋ ਰਿਹਾ ਹੈ। ਸ਼ੁੱਕਰਵਾਰ ਨੂੰ ਦਿੱਲੀ ਦੇ ਆਰਕੇ ਪੁਰਮ ‘ਚ ਪਿਆਜ਼ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ।

ਦਿੱਲੀ ਵਿੱਚ ਹੀ ਨਹੀਂ, ਐਨਸੀਆਰ ਦੇ ਹੋਰ ਸ਼ਹਿਰਾਂ ਵਿੱਚ ਵੀ ਪਿਆਜ਼ ਦੀਆਂ ਕੀਮਤਾਂ ਦੀ ਹਾਲਤ ਇਹੀ ਹੈ। ਗਾਜ਼ੀਆਬਾਦ ਵਿੱਚ ਪਿਆਜ਼ ਦੀ ਕੀਮਤ 80 ਰੁਪਏ ਤੱਕ ਪਹੁੰਚ ਗਈ ਹੈ। ਇੱਥੇ ਪਿਆਜ਼ ਦੀਆਂ ਕੀਮਤਾਂ ਵਿੱਚ 30 ਤੋਂ 40 ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇੱਕ ਹਫ਼ਤਾ ਪਹਿਲਾਂ ਹੀ ਇੱਥੇ ਪਿਆਜ਼ ਦੀ ਕੀਮਤ 35 ਰੁਪਏ ਪ੍ਰਤੀ ਕਿਲੋ ਤੱਕ ਸੀ।

ਕੀਮਤਾਂ ਵਧਦੀਆਂ ਰਹਿਣਗੀਆਂ
ਮੰਡੀ ਦੇ ਥੋਕ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਅਗਲੇ 15-20 ਦਿਨਾਂ ਤੱਕ ਪਿਆਜ਼ ਦੀਆਂ ਕੀਮਤਾਂ ਵਧਦੀਆਂ ਰਹਿਣਗੀਆਂ। ਇਸ ਦਾ ਕਾਰਨ ਮੀਂਹ ਦੀ ਅਸਾਧਾਰਨ ਸਥਿਤੀ ਹੈ। ਕੁਝ ਥਾਵਾਂ ‘ਤੇ ਘੱਟ ਅਤੇ ਕਈ ਥਾਵਾਂ ‘ਤੇ ਜ਼ਿਆਦਾ ਬਾਰਸ਼ ਕਾਰਨ ਫਸਲਾਂ ਦਾ ਨੁਕਸਾਨ ਹੋਇਆ ਹੈ ਅਤੇ ਘਾਟ ਕਾਰਨ ਪਿਆਜ਼ ਦੀਆਂ ਕੀਮਤਾਂ ਵਧ ਰਹੀਆਂ ਹਨ।
ਦਿੱਲੀ ਦੀ ਆਜ਼ਾਦਪੁਰ ਮੰਡੀ ਵਿੱਚ ਜਿੱਥੇ ਪਿਆਜ਼ 20-30 ਰੁਪਏ ਕਿਲੋ ਮਿਲਦਾ ਸੀ, ਅੱਜ 65 ਰੁਪਏ ਤੱਕ ਪਹੁੰਚ ਗਿਆ ਹੈ। ਇਕ ਪਾਸੇ ਜਿੱਥੇ ਪਿਆਜ਼ ਦੀ ਆਮਦ ਲਗਾਤਾਰ ਘੱਟ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇਸ ਦੀ ਮੰਗ ਵੀ ਵਧ ਰਹੀ ਹੈ। ਮੰਗ ਵਧਣ ਅਤੇ ਸਪਲਾਈ ਘਟਣ ਕਾਰਨ ਕੀਮਤ ਵਧਣੀ ਤੈਅ ਹੈ।