ਮੋਹਾਲੀ, 13 ਦਸੰਬਰ | ਸੈਕਟਰ-69 ਦੇ ਰਿਹਾਇਸ਼ੀ ਇਲਾਕੇ ਵਿਚ ਪਾਰਕ ਦੇ ਨਾਲ ਸੜਕ ਪਾਰ ਕਰ ਰਹੀ 7 ਸਾਲਾ ਆਰਾਧਿਆ ਨੂੰ ਤੇਜ਼ ਰਫ਼ਤਾਰ ਆਟੋ ਨੇ ਟੱਕਰ ਮਾਰ ਦਿਤੀ। ਹਾਦਸੇ ’ਚ ਜ਼ਖ਼ਮੀ ਬੱਚੀ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਫ਼ੇਜ਼ 8 ਦੀ ਪੁਲਿਸ ਨੇ ਆਰਾਧਿਆ ਦੇ ਦਾਦਾ ਬਲਦੇਵ ਸਿੰਘ ਮੂਲ ਰੂਪ ਵਿਚ ਬਿਲਾਸਪੁਰ, ਹਿਮਾਚਲ ਦੇ ਬਿਆਨਾਂ ’ਤੇ ਆਟੋ ਚਾਲਕ ਵਿਰੁਧ ਸਬੰਧਤ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ, ਜਿਸ ਦੀ ਪਛਾਣ ਲਵਪ੍ਰੀਤ ਸਿੰਘ ਵਾਸੀ ਮੁਕਤਸਰ ਵਜੋਂ ਹੋਈ ਹੈ।

ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਬਲਦੇਵ ਸਿੰਘ ਨੇ ਦਸਿਆ ਕਿ ਉਹ ਪੀ.ਡਬਲਿਊ.ਡੀ. ਹਿਮਾਚਲ ਤੋਂ ਸੇਵਾਮੁਕਤ ਹੋਏ। ਉਸ ਦਾ ਪੁੱਤਰ ਭਾਰਤੀ ਤੱਟ ਰੱਖਿਅਕ ਵਿਸ਼ਾਖਾਪਟਨਮ ਵਿੱਚ ਕਮਾਂਡੈਂਟ ਵਜੋਂ ਤਾਇਨਾਤ ਹੈ, ਉਸਦੀ ਨੂੰਹ ਦੋ ਬੱਚਿਆਂ ਨਾਲ ਸੈਕਟਰ 69 ਵਿਚ ਕਿਰਾਏ ’ਤੇ ਰਹਿੰਦੀ ਹੈ। ਬੁਧਵਾਰ ਸ਼ਾਮ ਨੂੰ ਉਹ ਅਪਣੀ 9 ਸਾਲ ਦੀ ਪੋਤੀ ਅਤੇ 7 ਸਾਲਾ ਪੋਤੀ ਆਰਾਧਿਆ ਨਾਲ ਘਰ ਦੇ ਸਾਹਮਣੇ ਪਾਰਕ ’ਚ ਸੈਰ ਕਰਨ ਗਿਆ ਸੀ।

ਇਸ ਦੌਰਾਨ ਆਰਾਧਿਆ ਅਚਾਨਕ ਘਰ ਵਲ ਤੁਰ ਪਈ। ਜਿਵੇਂ ਹੀ ਆਰਾਧਿਆ ਪਾਰਕ ਦੇ ਬਾਹਰ ਸੜਕ ਪਾਰ ਕਰਨ ਲੱਗੀ ਤਾਂ ਇਕ ਤੇਜ਼ ਰਫ਼ਤਾਰ ਆਟੋ ਨੇ ਉਸ ਨੂੰ ਟੱਕਰ ਮਾਰ ਦਿਤੀ। ਇਸ ਹਾਦਸੇ ’ਚ ਆਰਾਧਿਆ ਦੇ ਸਿਰ ’ਤੇ ਸੱਟ ਲੱਗੀ ਹੈ। ਉਸ ਨੂੰ ਇਲਾਜ ਲਈ ਨੇੜਲੇ ਨਿਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਮਾਸੂਮ ਬੱਚੀ ਦੀ ਮੌਤ ਹੋ ਗਈ।