ਲੁਧਿਆਣਾ | ਹੈਵਾਨ ਦਾਦਾ ਨੇ ਆਪਣੀ ਨਾਬਾਲਗ ਪੋਤੀ ਨੂੰ ਕਈ ਵਾਰ ਹਵਸ ਦਾ ਸ਼ਿਕਾਰ ਬਣਾਇਆ। ਡਰੀ ਬੱਚੀ ਨੇ ਇਸ ਸਬੰਧੀ ਕਿਸੇ ਨੂੰ ਕੁੱਝ ਨਾ ਦੱਸਿਆ। ਆਪਣੇ ਪਹਿਲੇ ਪਤੀ ਤੋਂ ਅਲੱਗ ਰਹਿ ਰਹੀ ਲੜਕੀ ਦੀ ਮਾਂ ਦੇ ਦਖਲ ਤੋਂ ਬਾਅਦ ਮਾਮਲਾ ਉਜਾਗਰ ਹੋਇਆ। ਇਸ ਸ਼ਰਮਨਾਕ ਮਾਮਲੇ ਦੀ ਸੂਚਨਾ ਤੋਂ ਥਾਣਾ ਡਾਬਾ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 68 ਸਾਲਾ ਬਜ਼ੁਰਗ ਵਾਸੀ ਨਿਊ ਸ਼ਿਮਲਾਪੁਰ ਖਿਲਾਫ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਮੁਲਜ਼ਮ ਨੂੰ ਸ਼ਨਿਵਾਰ ਦੁਪਹਿਰ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰੇਗੀ। ਥਾਣਾ ਡਾਬਾ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਸਾਢੇ 11 ਸਾਲ ਦੀ ਬੇਟੀ 6ਵੀਂ ਜਮਾਤ ‘ਚ ਪੜ੍ਹਦੀ ਹੈ। ਕੁੱਝ ਸਮਾਂ ਪਹਿਲਾਂ ਉਸ ਦਾ ਆਪਣੇ ਪਤੀ ਨਾਲ ਤਲਾਕ ਹੋ ਗਿਆ, ਜਿਸ ਤੋਂ ਬਾਅਦ ਔਰਤ ਨੇ ਦੂਸਰਾ ਵਿਆਹ ਕਰਵਾ ਲਿਆ। ਔਰਤ ਨੇ ਦੱਸਿਆ ਕਿ ਉਸ ਦੀ ਬੇਟੀ ਆਪਣੇ ਸਕੇ ਦਾਦੇ ਕੋਲ ਹੀ ਰਹਿ ਗਈ। ਉਸ ਦੇ ਦਾਦੇ ਨੇ ਮਾਸੂਮ ਲੜਕੀ ਨਾਲ ਕਈ ਵਾਰ ਜ਼ਬਰ-ਜਨਾਹ ਕੀਤਾ। ਮਾਨਸਿਕ ਤੌਰ ‘ਤੇ ਪਰੇਸ਼ਾਨ ਬੱਚੀ ਨੇ ਇਸ ਸਬੰਧੀ ਕਿਸੇ ਨੂੰ ਕੁੱਝ ਨਾ ਦੱਸਿਆ।

26 ਮਈ ਨੂੰ ਬੱਚੀ ਨਾਲ ਹੋਏ ਜ਼ੁਲਮ ਸਬੰਧੀ ਉਸ ਦੀ ਮਾਂ ਨੂੰ ਪਤਾ ਲੱਗ ਗਿਆ। ਬੇਟੀ ਤੋਂ ਅਲਗ ਰਹਿ ਰਹੀ ਔਰਤ ਨੇ ਸਾਰੇ ਮਾਮਲੇ ਦੀਆਂ ਪਰਤਾਂ ਖੋਲ੍ਹ ਦਿੱਤੀਆਂ ਤੇ ਕੇਸ ਪੁਲਿਸ ਦੇ ਧਿਆਨ ‘ਚ ਲਿਆਂਦਾ। ਇਸ ਮਾਮਲੇ ‘ਚ ਥਾਣਾ ਡਾਬਾ ਦੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰਨ ‘ਚ ਜੁਟ ਗਈ ਹੈ।