ਕਪੂਰਥਲਾ/ਸੁਲਤਾਨਪੁਰ ਲੋਧੀ | ਇਥੋਂ ਇਕ ਲੁੱਟ-ਖੋਹ ਦੀ ਘਟਨਾ ਨੂੰ ਪੁਲਿਸ ਨੇ ਸੁਲਝਾਅ ਲਿਆ ਹੈ। ਕਪੂਰਥਲਾ ਜ਼ਿਲੇ ਦੇ ਤਲਵੰਡੀ ਪੁਲ ਨੇੜੇ ਸ਼ਨੀਵਾਰ ਸਵੇਰੇ ਤਿੰਨ ਬਦਮਾਸ਼ਾਂ ਨੇ ਬਾਈਕ ਸਵਾਰ ਬੱਸ ਕੰਡਕਟਰ ਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ ਕੈਸ਼ ਬੈਗ ‘ਚ ਰੱਖੀ 30 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਸੀ। ਪੁਲਿਸ ਨੇ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ। ਡੀਐਸਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਮਾਸਟਰਮਾਈਂਡ ਔਰਤ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਹਾਲਾਂਕਿ ਮਹਿਲਾ ਦਾ ਪਤੀ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਲੁੱਟ ਦੀ ਵਾਰਦਾਤ ਸੀਸੀਟੀਵੀ ‘ਚ ਕੈਦ ਹੋ ਗਈ ਸੀ, ਜਿਸ ਦੀ ਫੁਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਇਸ ਤੋਂ ਬਾਅਦ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਹਰਕਤ ‘ਚ ਆ ਗਈ ਅਤੇ ਜਾਂਚ ‘ਚ ਜੁਟ ਗਈ। ਜ਼ਖਮੀ ਬੱਸ ਕੰਡਕਟਰ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖਲ ਕਰਵਾਇਆ ਗਿਆ ਹੈ। ਡੀਐਸਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਸ਼ਨੀਵਾਰ ਸਵੇਰੇ 9 ਵਜੇ ਦੇ ਕਰੀਬ ਬੱਸ ਕੰਡਕਟਰ ਬਲਜਿੰਦਰ ਸਿੰਘ ਵਾਸੀ ਪਿੰਡ ਕਾਲੇਵਾਲ ਨੂੰ 3 ਬਾਈਕ ‘ਤੇ ਸਵਾਰ 6-7 ਹਥਿਆਰਬੰਦ ਬਦਮਾਸ਼ਾਂ ਨੇ ਸੜਕ ਵਿਚਕਾਰ ਘੇਰ ਕੇ ਉਸ ‘ਤੇ ਲੋਹੇ ਦੀਆਂ ਰਾਡਾਂ ਅਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ ਅਤੇ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ। ਬਦਮਾਸ਼ ਉਸ ਦੇ ਬੈਗ ‘ਚ ਰੱਖੀ 30 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਬਲਜਿੰਦਰ ਨੇ ਫੜੇ ਗਏ ਵਿਅਕਤੀਆਂ ਦੀ ਪਛਾਣ ਕਰਨਪ੍ਰੀਤ ਸਿੰਘ ਵਾਸੀ ਮਹਿਤਪੁਰ, ਮਨਦੀਪ ਸਿੰਘ ਵਾਸੀ ਲੋਹੀਆਂ, ਗੁਰਤੇਜ ਸਿੰਘ ਵਾਸੀ ਕੋਠੇ ਅਤੇ ਜੋਬਨਪ੍ਰੀਤ ਸਿੰਘ ਵਾਸੀ ਰਾਏਵਾਲ ਵਜੋਂ ਕੀਤੀ ਹੈ।
ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਕਰੀਬ ਇਕ ਸਾਲ ਪਹਿਲਾਂ ਸਪਨਮਨਪ੍ਰੀਤ ਕੌਰ ਤੋਂ 1.6 ਲੱਖ ਰੁਪਏ ਉਧਾਰ ਲਏ ਸਨ, ਜੋ ਉਸ ਨੇ ਵਾਪਸ ਕਰ ਦਿੱਤੇ ਸਨ, ਫਿਰ ਵੀ ਉਹ ਉਸ ਤੋਂ ਹੋਰ ਪੈਸਿਆਂ ਦੀ ਮੰਗ ਕਰਦਾ ਸੀ। ਪੈਸੇ ਦੇਣ ਤੋਂ ਇਨਕਾਰ ਕਰਨ ‘ਤੇ ਸਪਨਮਨਪ੍ਰੀਤ ਕੌਰ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਉਹ ਹੁਣ ਉਸ ਨੂੰ ਸਬਕ ਸਿਖਾ ਦੇਵੇਗੀ। ਡੀਐਸਪੀ ਨੇ ਦੱਸਿਆ ਕਿ ਪੁਲਿਸ ਨੇ ਬਲਜਿੰਦਰ ਸਿੰਘ ਦੇ ਬਿਆਨਾਂ ’ਤੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਏਐਸਆਈ ਲਖਬੀਰ ਸਿੰਘ ਨੇ ਐਫਆਈਆਰ ਦਰਜ ਕਰਕੇ ਤਫ਼ਤੀਸ਼ ਵਿਚ ਮਾਸਟਰਮਾਈਂਡ ਸਪਨਮਨਪ੍ਰੀਤ ਕੌਰ ਵਾਸੀ ਮੁਹੱਲਾ ਸ਼ਾਹ ਸੁਲਤਾਨਪੁਰ ਮਹਿਤਪੁਰ ਨੂੰ ਸ਼ਾਮਲ ਕੀਤਾ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਪਨਮਨਪ੍ਰੀਤ ਕੌਰ, ਮਨਦੀਪ ਸਿੰਘ, ਗੁਰਤੇਜ ਸਿੰਘ, ਜੋਬਨਪ੍ਰੀਤ ਸਿੰਘ ਉਰਫ ਜੋਈ ਨੂੰ ਗ੍ਰਿਫਤਾਰ ਕਰ ਲਿਆ। ਸਪਨਮਨਪ੍ਰੀਤ ਕੌਰ ਦਾ ਪਤੀ ਕਰਨਪ੍ਰੀਤ ਸਿੰਘ ਫਰਾਰ ਹੈ। ਮਾਸਟਰਮਾਈਂਡ ਸਪਨਮਨਪ੍ਰੀਤ ਕੌਰ ਖ਼ਿਲਾਫ਼ ਥਾਣਾ ਲੋਹੀਆਂ ਵਿਚ ਨਸ਼ਾ ਵੇਚਣ ਅਤੇ ਲੜਾਈ ਝਗੜਾ ਕਰਨ ਦੇ ਮਾਮਲੇ ਦਰਜ ਕੀਤੇ ਗਏ ਹਨ।