ਜਲੰਧਰ (ਨਰਿੰਦਰ ਕੁਮਾਰ ਚੂਹੜ) | ਇੱਕ ਅੰਗਰੇਜ਼ੀ ਅਖ਼ਬਾਰ ‘ਚ ਕਪੂਰਥਲਾ ਵਿੱਚ ਫੂਡ ਸਪਲਾਈ ਮਹਿਕਮੇ ਦੀ ਛਪੀ ਰਿਪੋਰਟ ਤੋਂ ਬਾਅਦ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਵਿਖੇ ਤਾਇਨਾਤ ਚਾਰ ਫੂਡ ਇੰਸਪੈਕਟਰਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।

ਮੰਤਰੀ ਆਸ਼ੂ ਨੇ ਦੱਸਿਆ ਕਿ ਮੁਅੱਤਲ ਕੀਤੇ ਗਏ ਚਾਰ ਫੂਡ ਇੰਸਪੈਕਟਰ ਖ਼ਿਲਾਫ਼ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਫੂਡ ਇੰਸਪੈਕਟਰ ਵਲੋਂ ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਨਹੀਂ ਕੀਤੀ ਗਈ ਜਿਸ ‘ਤੇ ਕਾਰਵਾਈ ਕਰਦਿਆਂ ਚਾਰ ਫੂਡ ਇੰਸਪੈਕਟਰ ਖ਼ਿਲਾਫ਼ ਮੁਢਲੀ ਜਾਂਚ ਕਰਵਾਈ ਗਈ ਸੀ। ਦੋਸ਼ ਸਹੀ ਪਾਏ ਜਾਣ ‘ਤੇ ਫੂਡ ਇੰਸਪੈਕਟਰ ਵਿਵੇਕ ਸ਼ਰਮਾ, ਭੁਪਿੰਦਰ ਸਿੰਘ, ਵਿਕਾਸ ਸੇਠੀ ਅਤੇ ਰਾਜੇਸ਼ਵਰ ਸਿੰਘ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ।

ਆਸ਼ੂ ਨੇ ਦੱਸਿਆ ਕਿ ਇਸ ਮਾਮਲੇ ਅਗਲੀ ਪੜਤਾਲ ਡਿਪਟੀ ਡਾਇਰੈਕਟਰ ਪਟਿਆਲਾ ਡਵੀਜਨ ਨੂੰ ਸੋਂਪੀ ਗਈ ਹੈ ਅਤੇ ਹੁਕਮ ਜਾਰੀ ਕੀਤੇ ਗਏ ਹਨ 15 ਦਿਨਾਂ ਵਿਚ ਜਾਂਚ ਮੁਕੰਮਲ ਕਰ ਕੇ ਰਿਪੋਰਟ ਪੇਸ਼ ਕਰਨ।

ਦੱਸ ਦਈਏ ਕਿ ਇਸ ਦੀ ਸ਼ਿਕਾਇਤ ਸੁਲਤਾਨਪੁਰ ਲੋਧੀ ਤੋਂ ਐਮਐਲਏ ਨਵਤੇਜ ਚੀਮਾ ਨੇ ਵੀ ਕੀਤੀ ਸੀ ਕੇ ਲਾਭਪਾਤਰੀਆਂ ਨੂੰ ਕਣਕ ਨਹੀਂ ਮਿਲੀ ਜਿਸਤੇ ਡੀਐਫਐਸਓ ਕਪੂਰਥਲਾ ਤਰਫੋਂ ਜਾਂਚ ਪੜਤਾਲ ਕਰਕੇ ਰਿਪੋਰਟ ਤਿਆਰ ਕੀਤੀ ਗਈ ਸੀ।