ਹੁਸ਼ਿਆਰਪੁਰ (ਅਮਰੀਕ ਕੁਮਾਰ) | ਪੈਂਚਰ ਲਾਉਣ ਵਾਲੇ ਇਕ ਗਰੀਬ ਨੂੰ ਲਾਟਰੀ ਦੀ ਇੱਕ ਟਿਕਟ ਨੇ ਕਰੋੜਪਤੀ ਬਣਾ ਦਿੱਤਾ ਹੈ। ਮਾਹਿਲਪੁਰ ‘ਚ ਪੈਂਚਰ ਲਗਾਉਣ ਵਾਲਾ ਪਰਮਿੰਦਰ ਸਿੰਘ ਹੁਣ 3 ਕਰੋੜ ਦਾ ਮਾਲਕ ਬਣ ਗਿਆ ਹੈ।

ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਗੜ੍ਹਸ਼ੰਕਰ ਰੋਡ ‘ਤੇ ਸਕੂਟਰ, ਕਾਰਾਂ ਨੂੰ ਪੈਂਚਰ ਲਗਾਉਣ ਦਾ ਕੰਮ ਕਰਦਾ ਹੈ। ਉਹ ਅਕਸਰ ਦੁਕਾਨ ਤੋਂ ਘਰ ਜਾ ਕੇ ਟੀਵੀ ‘ਤੇ ‘ਕੌਣ ਬਣੇਗਾ ਕਰੋੜਪਤੀ’ ਵੇਖਦਾ ਸੀ ਅਤੇ ਇਸ ਦਾ ਹਿੱਸਾ ਬਣ ਕੇ ਕਰੋੜਪਤੀ ਬਣਨ ਦੇ ਸੁਪਨੇ ਵੇਖਦਾ ਸੀ। ਆਪਣੀ ਜਾਣਕਾਰੀ ਵਧਾਉਣ ਲਈ ਉਹ ਅਖਬਾਰਾਂ ਵੀ ਪੜ੍ਹਦਾ ਰਹਿੰਦਾ ਸੀ।

ਪਰਮਿੰਦਰ ਕਰੋੜਪਤੀ ‘ਚ ਜਾਣ ਦੀ ਤਿਆਰੀ ਦੇ ਨਾਲ-ਨਾਲ ਵੱਖ-ਵੱਖ ਸੂਬਿਆਂ ਦੀ ਲਾਟਰੀ ਫੈਸਟੀਵਲ ਸੀਜ਼ਨ ਵਿੱਚ ਖਰੀਦਦਾ ਸੀ। ਇਸ ਵਾਰ ਉਸ ਨੇ ਪੰਜਾਬ/ਹਰਿਆਣਾ ਨੂੰ ਛੱਡ ਨਾਗਾਲੈਂਡ ਦੀ ਪੂਜਾ ਬੰਪਰ ਲਾਟਰੀ ਖ਼ਰੀਦ ਲਈ। ਲਾਟਰੀ ਵਾਲੇ ਪਰਮਜੀਤ ਅਗਨੀਹੋਤਰੀ ਨੇ ਉਸ ਨੂੰ ਆ ਕੇ ਦੱਸਿਆ ਕਿ ਉਸ ਦੀ ਲਾਟਰੀ ਨਿਕਲ ਗਈ ਹੈ ਤਾਂ ਉਸ ਨੂੰ ਯਕੀਨ ਨਹੀਂ ਹੋਇਆ।

ਪਰਮਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਜੱਦੀ ਪੈਂਚਰਾਂ ਵਾਲੇ ਕੰਮ ਨੂੰ ਨਹੀਂ ਛੱਡੇਗਾ ਬਲਕਿ ਮਿਲੇ ਪੈਸਿਆਂ ਵਿੱਚੋਂ ਹੁਣ ਲੋੜਬੰਦ ਪਰਿਵਾਰਾਂ ਦੀ ਮਦਦ ਜ਼ਰੂਰ ਕਰੇਗਾ।