ਮੋਗਾ, 17 ਦਸੰਬਰ | ਜੋਰਜੀਆ ਦੇ ਗੁਡੌਰੀ ਵਿਚ ਇੱਕ ਰੈਸਟੋਰੈਂਟ ਵਿਚ 11 ਭਾਰਤੀਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ। ਜਨਰੇਟਰ ਦੇ ਧੂੰਏਂ ਕਾਰਨ ਮਰਨ ਵਾਲੇ 11 ਭਾਰਤੀਆਂ ਵਿਚੋਂ ਇੱਕ ਮੋਗਾ ਦੇ ਪਿੰਡ ਘੱਲ ਕਲਾਂ ਦਾ 24 ਸਾਲਾ ਗਗਨਦੀਪ ਸਿੰਘ ਹੈ। ਰੈਸਟੋਰੈਂਟ ਦੀ ਦੂਜੀ ਮੰਜ਼ਿਲ ‘ਤੇ ਇਕ ਕਮਰੇ ‘ਚ ਸਾਰੇ ਸੌਂ ਰਹੇ ਸਨ।

ਮ੍ਰਿਤਕ ਗਗਨਦੀਪ ਸਿੰਘ ਦੇ ਦਾਦਾ ਬਸੰਤ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਪਹਿਲਾਂ ਵੀ ਦੁਬਈ ਗਿਆ ਸੀ। 4 ਮਹੀਨੇ ਪਹਿਲਾਂ ਹੀ ਜੋਰਜੀਆ ਗਿਆ ਸੀ। ਸਾਨੂੰ ਕੱਲ ਉਸ ਦੀ ਮੌਤ ਹੋਣ ਦੀ ਸੂਚਨਾ ਮਿਲੀ ਸੀ। ਅਸੀਂ ਸਖ਼ਤ ਮਿਹਨਤ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਾਂ। ਸਾਡੇ ਕੋਲ ਲਾਸ਼ ਨੂੰ ਭਾਰਤ ਲਿਆਉਣ ਲਈ ਪੈਸੇ ਨਹੀਂ ਹਨ। ਅਸੀਂ ਸਰਕਾਰ ਨੂੰ ਲਾਸ਼ ਨੂੰ ਘਰ ਲਿਆਉਣ ਦੀ ਅਪੀਲ ਕਰਦੇ ਹਾਂ ਤਾਂ ਜੋ ਉਹ ਇਸ ਨੂੰ ਆਖਰੀ ਵਾਰ ਦੇਖ ਸਕੇ।

ਪਿੰਡ ਦੇ ਸਾਬਕਾ ਸਰਪੰਚ ਸਿਮਰਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਦੇ ਰਹਿਣ ਵਾਲੇ ਗਗਨਦੀਪ ਸਿੰਘ ਦੀ ਜੋਰਜੀਆ ਵਿਚ ਗੈਸ ਚੜ੍ਹਨ ਕਾਰਨ ਮੌਤ ਹੋ ਗਈ ਹੈ। ਗਗਨਦੀਪ ਸਿੰਘ ਗਰੀਬ ਪਰਿਵਾਰ ਦਾ ਲੜਕਾ ਹੈ ਅਤੇ ਰੋਜ਼ੀ-ਰੋਟੀ ਕਮਾਉਣ ਲਈ ਜਾਰਜੀਆ ਗਿਆ ਸੀ। ਉਸ ਦੀ ਮੌਤ ਉਸੇ ਹੋਟਲ ਵਿਚ ਹੋਈ ਜਿੱਥੇ ਉਹ ਕੰਮ ਕਰਦਾ ਸੀ। ਪਰਿਵਾਰ ਨੇ 4 ਤੋਂ 5 ਲੱਖ ਰੁਪਏ ਦਾ ਕਰਜ਼ਾ ਲੈ ਕੇ ਭੇਜ ਦਿੱਤਾ ਸੀ।