ਐਕਟ੍ਰੈੱਸ ਜੈਕਲੀਨ ਫਰਨਾਂਡੀਜ਼ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਮੁੰਬਈ ਏਅਰਪੋਰਟ ‘ਤੇ ਰੋਕਿਆ

ਮੁੰਬਈ | ਜੈਕਲੀਨ ਫਰਨਾਂਡੀਜ਼ ਨੂੰ ਦੇਸ਼ ਤੋਂ ਬਾਹਰ ਜਾਣ ਸਮੇਂ ਮੁੰਬਈ ਏਅਰਪੋਰਟ ‘ਤੇ ਰੋਕ ਲਿਆ ਗਿਆ ਹੈ। 200 ਕਰੋੜ ਰੁਪਏ ਦੀ ਰਿਕਵਰੀ ਮਾਮਲੇ ‘ਚ ਈਡੀ ਦੀ ਚਾਰਜਸ਼ੀਟ ‘ਚ ਜੈਕਲੀਨ ਫਰਨਾਂਡੀਜ਼ ਦਾ ਨਾਂ ਵੀ ਸ਼ਾਮਲ ਹੈ।

ਈਡੀ ਦੇ ਸੂਤਰਾਂ ਮੁਤਾਬਕ ਰਿਕਵਰੀ ਕੇਸ ਦੇ ਮਾਸਟਰਮਾਈਂਡ ਸੁਕੇਸ਼ ਚੰਦਰਸ਼ੇਖਰ ਨੇ ਜੈਕਲੀਨ ਨੂੰ 10 ਕਰੋੜ ਰੁਪਏ ਦੇ ਮਹਿੰਗੇ ਤੋਹਫ਼ੇ ਦਿੱਤੇ ਸਨ। ਇਸ ਵਿੱਚ ਲਗਜ਼ਰੀ ਗੱਡੀਆਂ, ਘੋੜੇ ਅਤੇ ਹੋਰ ਮਹਿੰਗੀਆਂ ਚੀਜ਼ਾਂ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਦਿੱਲੀ ਦੀ ਤਿਹਾੜ ਜੇਲ ਤੋਂ 200 ਕਰੋੜ ਰੁਪਏ ਦੀ ਬਰਾਮਦਗੀ ਦੇ ਮਾਮਲੇ ‘ਚ ਈਡੀ ਨੇ ਸ਼ਨੀਵਾਰ ਨੂੰ ਹੀ ਚਾਰਜਸ਼ੀਟ ਦਾਖਲ ਕੀਤੀ ਸੀ।

ਜੈਕਲੀਨ ਫਰਨਾਂਡੀਜ਼ ਮਨੀ ਲਾਂਡਰਿੰਗ ਮਾਮਲੇ ਨੂੰ ਲੈ ਕੇ ਸੁਰਖੀਆਂ ‘ਚ ਬਣੀ ਹੋਈ ਹੈ। ਜੈਕਲੀਨ ਨੂੰ ਈਡੀ ਨੇ 8 ਦਸੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ।

ਸੁਕੇਸ਼ ਚੰਦਰਸ਼ੇਖਰ ਤੇ ਹੋਰਾਂ ਦੇ ਖਿਲਾਫ ਕਥਿਤ ਅਪਰਾਧਿਕ ਸਾਜ਼ਿਸ਼, ਧੋਖਾਧੜੀ ਤੇ ਕਰੀਬ 200 ਕਰੋੜ ਰੁਪਏ ਦੀ ਜਬਰੀ ਵਸੂਲੀ ਦੇ ਮਾਮਲੇ ‘ਚ ਉਸ ਤੋਂ ਪੁੱਛਗਿੱਛ ਕੀਤੀ ਜਾਣੀ ਹੈ।

ਖਬਰਾਂ ਮੁਤਾਬਕ ਜੈਕਲੀਨ ਤੇ ਸੁਕੇਸ਼ ਨੂੰ ਇਕ-ਦੂਜੇ ਦੇ ਕਰੀਬੀ ਮੰਨਿਆ ਜਾਂਦਾ ਹੈ। ਸੁਕੇਸ਼ ਨੇ ਜੈਕਲੀਨ ਨੂੰ ਕਈ ਮਹਿੰਗੇ ਤੋਹਫੇ ਵੀ ਦਿੱਤੇ ਹਨ।

ਦਰਅਸਲ ਜੈਕਲੀਨ ਦੀ ਪ੍ਰਾਪਰਟੀ ਨੂੰ ਲੈ ਕੇ ਚਰਚਾ ਉਦੋਂ ਸ਼ੁਰੂ ਹੋਈ, ਜਦੋਂ ਉਨ੍ਹਾਂ ਦਾ ਨਾਂ ਸੁਕੇਸ਼ ਚੰਦਰਸ਼ੇਖਰ ਨਾਲ ਜੁੜਿਆ ਸੀ। ਜੈਕਲੀਨ ਦੇ ਫਿਲਮੀ ਕਰੀਅਰ ‘ਤੇ ਨਜ਼ਰ ਮਾਰੀਏ ਤਾਂ ਉਸ ਨੇ ਸੋਲੋ ਹਿੱਟ ਦੇ ਨਾਂ ‘ਤੇ ਕੁਝ ਹੀ ਫਿਲਮਾਂ ਕੀਤੀਆਂ ਹਨ ਪਰ ਉਸ ਦੀ ਜਾਇਦਾਦ ਕਰੋੜਾਂ ‘ਚ ਦੱਸੀ ਜਾਂਦੀ ਹੈ।

ਕਰੋੜਾਂ ਦੀ ਪ੍ਰਾਪਰਟੀ ਦੀ ਮਾਲਕਣ ਹੈ ਜੈਕਲੀਨ

ਜੈਕਲੀਨ 12 ਸਾਲਾਂ ਤੋਂ ਫਿਲਮਾਂ ‘ਚ ਕੰਮ ਕਰ ਰਹੀ ਹੈ। ਉਸ ਕੋਲ ਕਰੋੜਾਂ ਦੀ ਪ੍ਰਾਪਰਟੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜੈਕਲੀਨ ਕੋਲ ਕਰੀਬ 10 ਮਿਲੀਅਨ ਡਾਲਰ (74 ਕਰੋੜ ਰੁਪਏ) ਦੀ ਜਾਇਦਾਦ ਹੈ। ਜੈਕਲੀਨ ਇਕ ਫਿਲਮ ਲਈ 3 ਤੋਂ 4 ਕਰੋੜ ਰੁਪਏ ਲੈਂਦੀ ਹੈ।

2019 ਵਿੱਚ ਫੋਰਬਸ ਇੰਡੀਆ ਨੇ ਜੈਕਲੀਨ ਦੀ ਸਾਲਾਨਾ ਆਮਦਨ 9.5 ਕਰੋੜ ਰੁਪਏ ਦੱਸੀ ਹੈ। ਦਿਲਚਸਪ ਗੱਲ ਇਹ ਹੈ ਕਿ ਉਸ ਸਾਲ ਨੈੱਟਫਲਿਕਸ ਫਿਲਮ ਡਰਾਈਵ ਨੂੰ ਛੱਡ ਕੇ ਉਸ ਦੀ ਕੋਈ ਵੱਡੀ ਫਿਲਮ ਰਿਲੀਜ਼ ਨਹੀਂ ਹੋਈ ਸੀ।

ਇਸ ਸਾਲ ਖਰੀਦਿਆ ਨਵਾਂ ਘਰ

ਇਸੇ ਸਾਲ ਜਨਵਰੀ ‘ਚ ਜੈਕਲੀਨ ਫਰਨਾਂਡੀਜ਼ ਨੇ ਮੁੰਬਈ ‘ਚ ਆਪਣੇ ਲਈ ਨਵਾਂ ਘਰ ਖਰੀਦਿਆ ਸੀ, ਜਿਸ ਦੀ ਕੀਮਤ ਕਰੋੜਾਂ ਵਿੱਚ ਦੱਸੀ ਜਾ ਰਹੀ ਹੈ। ਅਦਾਕਾਰਾ ਪਹਿਲਾਂ ਪ੍ਰਿਯੰਕਾ ਚੋਪੜਾ ਦੇ ਘਰ ਕਿਰਾਏ ‘ਤੇ ਰਹਿੰਦੀ ਸੀ।

ਉਸ ਮਕਾਨ ਵਿੱਚ ਰਹਿਣ ਲਈ ਉਹ ਲੱਖਾਂ ਰੁਪਏ ਕਿਰਾਏ ਵਜੋਂ ਦਿੰਦੀ ਸੀ ਪਰ ਖਬਰਾਂ ਮੁਤਾਬਕ ਜੈਕਲੀਨ ਆਪਣੇ ਨਵੇਂ ਘਰ ‘ਚ ਸ਼ਿਫਟ ਹੋ ਗਈ ਹੈ। ਅੱਜ ਵੱਡੀਆਂ ਕਾਰਾਂ-ਵੱਡੇ ਘਰ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ।

ਰੈਸਟੋਰੈਂਟ ਦਾ ਕਾਰੋਬਾਰ ਵੀ ਚਲਾਉਂਦੀ ਹੈ

ਜੈਕਲੀਨ ਫਰਨਾਂਡੀਜ਼ ਕੋਲ 10 ਵੱਡੇ ਬ੍ਰਾਂਡਜ਼ ਦੇ ਵਿਗਿਆਪਨ ਵੀ ਹਨ। ਇਨ੍ਹਾਂ ਵਿੱਚ ਬਾਡੀ ਸ਼ੌਪ, ਸਨੈਪਡੀਲ, ਵੇਗਾ, ਨੋਵਾ, ਕਲਰਬਾਰ, ਕੈਸੀਓ, ਲੌਟਸ, ਡਰੂਲਜ਼, ਵੈਨ ਹਿਊਜ਼ਨ ਤੇ ਐੱਚਟੀਸੀ ਵਨ ਸ਼ਾਮਲ ਹਨ। ਇਸ ਤੋਂ ਇਲਾਵਾ ਜੈਕਲੀਨ ਕੋਲ ਲਗਜ਼ਰੀ ਕਾਰਾਂ ਦੀ ਕੁਲੈਕਸ਼ਨ ਵੀ ਹੈ।

ਜੈਕਲੀਨ ਕੋਲ ਆਪਣੇ ਜੱਦੀ ਸ਼ਹਿਰ ਸ਼੍ਰੀਲੰਕਾ ਦੇ ਦੱਖਣੀ ਤੱਟ ‘ਤੇ ਇਕ ਟਾਪੂ ਵੀ ਹੈ। ਜੈਕਲੀਨ ਦਾ ਆਪਣਾ ਰੈਸਟੋਰੈਂਟ ਦਾ ਕਾਰੋਬਾਰ ਵੀ ਹੈ। ਜੈਕਲੀਨ ਦਾ ਕੋਲੰਬੋ, ਸ਼੍ਰੀਲੰਕਾ ਵਿੱਚ ਇਕ ਰੈਸਟੋਰੈਂਟ ਹੈ।

ਮਿਸ ਯੂਨੀਵਰਸ ਸ਼੍ਰੀਲੰਕਾ ਰਹਿ ਚੁੱਕੀ ਜੈਕਲੀਨ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਇਕ ਟੀਵੀ ਰਿਪੋਰਟਰ ਵਜੋਂ ਕੰਮ ਕਰਦੀ ਸੀ। ਉਸ ਨੇ ਸਿਡਨੀ ਯੂਨੀਵਰਸਿਟੀ ਤੋਂ ਮਾਸ ਕਮਿਊਨੀਕੇਸ਼ਨ ਦੀ ਪੜ੍ਹਾਈ ਕੀਤੀ ਹੈ। ਜੈਕਲੀਨ ਨੇ ਸਾਲ 2009 ‘ਚ ਫਿਲਮ ‘ਅਲਾਦੀਨ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ‘ਮਰਡਰ 2’, ‘ਹਾਊਸਫੁੱਲ 2’, ‘ਰੇਸ 2’, ‘ਕਿੱਕ’ ਤੇ ‘ਫਲਾਇੰਗ ਜੱਟ’ ਵਰਗੀਆਂ ਫਿਲਮਾਂ ਕੀਤੀਆਂ। ਇਸ ਤੋਂ ਇਲਾਵਾ ਜੈਕਲੀਨ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ ਸੀਜ਼ਨ 9’ ਦੀ ਜੱਜ ਵੀ ਸੀ।

ਬਹਿਰੀਨ ਦੇ ਰਾਜਕੁਮਾਰ ਨੂੰ ਕਰਦੀ ਸੀ ਡੇਟ

ਜੈਕਲੀਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਬਹਿਰੀਨ ਦੇ ਪ੍ਰਿੰਸ ਹਸਨ ਬਿਨ ਰਾਸ਼ਿਦ ਅਲੀ ਖਲੀਫਾ ਨੂੰ ਡੇਟ ਕਰਦੀ ਸੀ। ਹਸਨ ਨਾਲ ਉਸ ਦੀ ਮੁਲਾਕਾਤ ਇਕ ਕਾਮਨ ਫ੍ਰੈਂਡ ਦੀ ਪਾਰਟੀ ‘ਚ ਹੋਈ ਸੀ ਪਰ ਜਦੋਂ ਜੈਕਲੀਨ ਨੂੰ ਸਾਲ 2011 ‘ਚ ਫਿਲਮ ‘ਹਾਊਸਫੁੱਲ’ ਮਿਲੀ ਤਾਂ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ।

ਇਸ ਤੋਂ ਬਾਅਦ ਜੈਕਲੀਨ ਦਾ ਨਾਂ ਸਾਜਿਦ ਖਾਨ ਨਾਲ ਜੁੜਿਆ। ਸਾਜਿਦ ਤੇ ਜੈਕਲੀਨ ਦਾ ਸਾਲ 2013 ‘ਚ ਬ੍ਰੇਕਅੱਪ ਹੋ ਗਿਆ ਸੀ। ਇਕ ਰੋਮਾਂਟਿਕ ਤਸਵੀਰ ਵਾਇਰਲ ਹੋਣ ਤੋਂ ਬਾਅਦ ਜੈਕਲੀਨ ਦਾ ਨਾਂ ਸੁਕੇਸ਼ ਚੰਦਰਸ਼ੇਖਰ ਨਾਲ ਜੋੜਿਆ ਜਾ ਰਿਹਾ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ