ਹੁਸ਼ਿਆਰਪੁਰ | ਬੀਤੀ ਰਾਤ ਕਰੀਬ 12.45 ‘ਤੇ ਤੇਜ਼ ਰਫਤਾਰ ਵਾਹਨ ਦੀ ਲਪੇਟ ‘ਚ ਆਉਣ ਨਾਲ ਦੋ ਭਰਾਵਾਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਹਾਦਸੇ ਦਾ ਪਤਾ ਲੱਗਦਿਆਂ ਹੀ ਐਸਐਸਐਫ ਦੀ ਟੀਮ ਇੰਚਾਰਜ ਏਐਸਆਈ ਪਵਨ ਕੁਮਾਰ ਦੀ ਅਗਵਾਈ ਵਿਚ ਮੌਕੇ ’ਤੇ ਪਹੁੰਚ ਗਈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਅਣਪਛਾਤਾ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ

ਜ਼ਖ਼ਮੀ ਅਜੈ ਕੁਮਾਰ (18) ਪੁੱਤਰ ਮੰਗਤ ਰਾਮ ਉਰਫ਼ ਸ਼ਿੰਦਰ ਵਾਸੀ ਚੌਟਾਲਾ (ਹਰਿਆਣਾ) ਨੇ ਦੱਸਿਆ ਕਿ ਉਸ ਦਾ ਚਾਚਾ ਜੋਗਿੰਦਰਪਾਲ ਉਰਫ਼ ਜਿੰਦਾ (45) ਐਤਵਾਰ ਨੂੰ ਮਾਤਾ ਚਿੰਤਪੁਰਨੀ ਮੰਦਰ ਮੱਥਾ ਟੇਕਣ ਗਿਆ ਸੀ। ਉਹ ਦੇਰ ਰਾਤ ਵਾਪਸ ਆ ਰਿਹਾ ਸੀ। ਉਸ ਨੇ ਰਾਤ ਨੂੰ ਫੋਨ ਕਰ ਕੇ ਦੱਸਿਆ ਕਿ ਉਹ ਬੱਸ ਰਾਹੀਂ ਆ ਰਿਹਾ ਹੈ ਅਤੇ ਉਸ ਨੂੰ ਭੂੰਗਾ ਬੱਸ ਸਟੈਂਡ ਤੋਂ ਲੈ ਜਾਵੇ। ਚਾਚਾ ਰਾਤ 11.30 ਵਜੇ ਬੱਸ ਤੋਂ ਹੇਠਾਂ ਉਤਰਿਆ ਸੀ।

ਅਜੈ ਨੇ ਦੱਸਿਆ ਕਿ ਰਾਤ ਦਾ ਸਮਾਂ ਹੋਣ ਕਾਰਨ ਉਹ ਆਪਣੇ ਪਿਤਾ ਮੰਗਤ ਰਾਮ ਉਰਫ਼ ਸ਼ਿੰਦਰ ਨੂੰ ਆਪਣੇ ਨਾਲ ਬੱਸ ਸਟੈਂਡ ਤੋਂ ਆਪਣੇ ਚਾਚੇ ਨੂੰ ਲੈਣ ਲਈ ਲੈ ਗਿਆ। ਬੱਸ ਸਟੈਂਡ ‘ਤੇ ਪਹੁੰਚ ਕੇ ਉਹ ਆਪਣੇ ਚਾਚੇ ਨਾਲ ਗੱਲਾਂ ਕਰ ਰਹੇ ਸਨ ਕਿ ਕਰੀਬ 11.40 ਵਜੇ ਇਕ ਤੇਜ਼ ਰਫਤਾਰ ਵਾਹਨ ਦੇ ਚਾਲਕ ਨੇ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਤਿੰਨਾਂ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਚਾਚੇ ਅਤੇ ਪਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਹ ਜ਼ਖਮੀ ਹੋ ਗਿਆ।