ਸਰਹਿੰਦ/ਫਤਿਹਗੜ੍ਹ ਸਾਹਿਬ | ਮੁੱਖ ਮੰਤਰੀ ਚਰਨਜੀਤ ਚੰਨੀ ਗਰੀਬ ਪਰਿਵਾਰਾਂ ਨੂੰ ਮੁਫਤ ਬਿਜਲੀ ਦੇਣ ਦਾ ਦਾਅਵਾ ਕਰਦੇ ਹਨ ਕਿ ਕਿਸੇ ਗਰੀਬ ਦਾ ਬਿਜਲੀ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ। ਦੂਜੇ ਪਾਸੇ ਸਰਹਿੰਦ ‘ਚ ਪਾਵਰਕਾਮ ਦਾ ਇਕ ਜੇਈ ਬਕਾਇਆ ਰਾਸ਼ੀ ਵਾਲੇ ਕੁਨੈਕਸ਼ਨ ਕਟਵਾ ਰਿਹਾ ਹੈ।

ਸ਼ਿਵਪ੍ਰੀਤ ਸਿੰਘ ਨਾਂ ਦੇ ਖਪਤਕਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਰੁਪਿੰਦਰਪਾਲ ਸਿੰਘ ਦੇ ਨਾਂ ‘ਤੇ ਬਿਜਲੀ ਕੁਨੈਕਸ਼ਨ ਹੈ। ਪਿਤਾ ਦੀ ਮੌਤ ਤੋਂ ਬਾਅਦ ਘਰ ‘ਚ ਆਰਥਿਕ ਤੰਗੀ ਕਾਰਨ ਉਹ ਬਿੱਲ ਜਮ੍ਹਾ ਨਹੀਂ ਕਰਵਾ ਸਕੇ, ਜਿਸ ਕਰਕੇ ਉਨ੍ਹਾਂ ਦਾ ਕਰੀਬ 12 ਹਜ਼ਾਰ ਰੁਪਏ ਬਕਾਇਆ ਹੈ।

ਬੁੱਧਵਾਰ ਦੇਰ ਸ਼ਾਮ ਜਦੋਂ ਉਹ ਕੰਮ ਤੋਂ ਘਰ ਵਾਪਸ ਆਇਆ ਤਾਂ ਦੇਖਿਆ ਕਿ ਪਤਨੀ, ਮਾਸੂਮ ਬੱਚਾ ਤੇ ਬਜ਼ੁਰਗ ਮਾਂ ਹਨੇਰੇ ‘ਚ ਬੈਠੇ ਹੋਏ ਸਨ। ਕਾਰਨ ਪੁੱਛਿਆ ਤਾਂ ਪਤਾ ਲੱਗਾ ਕਿ ਬਿਜਲੀ ਵਾਲੇ ਕੁਨੈਕਸ਼ਨ ਕੱਟ ਗਏ ਹਨ।

ਪੀੜਤ ਨੇ ਕਿਹਾ ਕਿ ਮੁੱਖ ਮੰਤਰੀ ਗਰੀਬ ਪਰਿਵਾਰਾਂ ਨੂੰ ਸਹੂਲਤਾਂ ਦੇਣ ਦੀ ਗੱਲ ਕਰ ਰਹੇ ਹਨ, ਇਸ ਦੇ ਉਲਟ ਪਾਵਰਕਾਮ ਦੇ ਅਧਿਕਾਰੀ ਉਨ੍ਹਾਂ ਨੂੰ ਬਿਜਲੀ ਦੀ ਸਹੂਲਤ ਤੋਂ ਵਾਂਝੇ ਕਰ ਰਹੇ ਹਨ।

ਕੁਨੈਕਸ਼ਨ ਕੱਟਣ ਵਾਲੇ ਲਾਈਨਮੈਨ ਕਾਂਸ਼ੀ ਰਾਮ ਨੇ ਕਿਹਾ ਕਿ ਜੇਈ ਬਲਵੀਰ ਸਿੰਘ ਨੇ ਮੰਗਲਵਾਰ ਉਨ੍ਹਾਂ ਨੂੰ ਕੁਨੈਕਸ਼ਨ ਕੱਟਣ ਦੇ ਹੁਕਮ ਦਿੱਤੇ। ਉਨ੍ਹਾਂ ਨੇ ਬਾਕਾਇਦਾ ਇਕ ਵੀਡੀਓ ਵੀ ਦਿਖਾਈ ਸੀ, ਜਿਸ ਵਿੱਚ ਸੀਐੱਮ ਦੇ ਆਦੇਸ਼ ਹਨ ਕਿ ਕਿਸੇ ਵੀ ਗਰੀਬ ਦਾ ਕੁਨੈਕਸ਼ਨ ਨਾ ਕੱਟਿਆ ਜਾਵੇ। ਇਸ ਦੇ ਬਾਵਜੂਦ ਜੇਈ ਨੇ ਉਨ੍ਹਾਂ ਨੂੰ ਕਿਹਾ ਕਿ ਜੋ ਮੈਂ ਕਿਹਾ, ਉਹ ਕਰੋ, ਕੁਨੈਕਸ਼ਨ ਕੱਟ ਦਿਓ।

ਜੇਈ ਦੇ ਕਹਿਣ ‘ਤੇ ਉਨ੍ਹਾਂ ਨੂੰ ਜਾਣਾ ਪਿਆ ਤੇ ਇਲਾਕੇ ‘ਚ ਇਕ ਦਰਜਨ ਦੇ ਕਰੀਬ ਕੁਨੈਕਸ਼ਨ ਕੱਟ ਦਿੱਤੇ। ਇਸ ਸਬੰਧੀ ਜੇਈ ਬਲਵੀਰ ਸਿੰਘ ਨੇ ਕਿਹਾ ਕਿ ਕੁਨੈਕਸ਼ਨ ਨਾ ਕੱਟਣ ਸਬੰਧੀ ਉਨ੍ਹਾਂ ਕੋਲ ਅਜੇ ਤੱਕ ਕੋਈ ਲਿਖਤੀ ਆਦੇਸ਼ ਨਹੀਂ ਆਇਆ।