ਜਲੰਧਰ | ਪੁਲੀਸ ਦੇ ਸੀਆਈਏ ਸਟਾਫ਼ ਨੇ ਦੋਆਬਾ ਚੌਕ ਨੇੜਿਓਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਸਮੱਗਲਰ ਲੱਕ ਨਾਲ ਬੰਨ੍ਹੀ ਹੈਰੋਇਨ ਦੀ ਖੇਪ ਪੈਦਲ ਹੀ ਪਹੁੰਚਾਉਣ ਜਾ ਰਿਹਾ ਸੀ, ਜਦੋਂ ਪੁਲਿਸ ਨੇ ਦਬੋਚ ਲਿਆ।
ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ।



ਪੁਲਿਸ ਕਮਿਸ਼ਨਰ ਜਲੰਧਰ ਗੁਰਸ਼ਾਨ ਸਿੰਘ ਸੰਧੂ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਸੀਆਈਏ ਸਟਾਫ਼ ਆਪਣੇ ਇੰਚਾਰਜ ਅਸ਼ੋਕ ਕੁਮਾਰ ਨਾਲ ਚੈਕਿੰਗ ’ਤੇ ਸੀ। ਟੀਮ ਨੇ ਦੋਆਬਾ ਚੌਕ ਵੱਲ ਵਿਕਾਸਪੁਰੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਸਟਾਫ਼ ਮੈਂਬਰਾਂ ਨੇ ਇੱਕ ਵਿਅਕਤੀ ਨੂੰ ਆਉਂਦੇ ਦੇਖਿਆ। ਪੈਦਲ ਆ ਰਹੇ ਵਿਅਕਤੀ ਨੇ ਜਿਵੇਂ ਹੀ ਨਾਕੇ ਨੂੰ ਦੇਖਿਆ ਤਾਂ ਉਸ ਨੇ ਆਪਣੇ ਕੱਪੜੇ ਸਿੱਧੇ ਕਰ ਲਏ ਅਤੇ ਭੱਜਣ ਲੱਗਾ। ਸੀਆਈਏ ਸਟਾਫ਼ ਨੂੰ ਉਸ ‘ਤੇ ਸ਼ੱਕ ਹੋਇਆ ਅਤੇ ਉਸ ਦਾ ਪਿੱਛਾ ਕੀਤਾ। ਉਸ ਦਾ ਪਿੱਛਾ ਕਰਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ।