ਲੁਧਿਆਣਾ/ਸ੍ਰੀ ਮਾਛੀਵਾੜਾ ਸਾਹਿਬ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਮੰਡ ਜੋਧਵਾਲ ਵਿਖੇ ਲੰਘੀ ਰਾਤ ਵਿਆਹੁਤਾ ਪ੍ਰਵੀਨ ਕੌਰ (25) ਨੇ ਆਪਣੇ ਸਹੁਰੇ ਘਰ ਵਿਚ ਜਾਨ ਦੇ ਦਿੱਤੀ। ਮ੍ਰਿਤਕਾ ਦੀ ਮਾਤਾ ਰੇਸ਼ਮ ਕੌਰ ਨੇ ਦੱਸਿਆ ਕਿ ਉਸਦੀ ਲੜਕੀ ਦਾ ਵਿਆਹ 2018 ਵਿਚ ਮੰਡ ਜੋਧਵਾਲ ਦੇ ਵਾਸੀ ਪਲਵਿੰਦਰ ਸਿੰਘ ਨਾਲ ਹੋਇਆ ਸੀ। ਉਨ੍ਹਾਂ ਕਿਹਾ ਕਿ ਉਸਦੀ ਲੜਕੀ ਦੀ ਕੁੱਖੋਂ ਪਹਿਲਾਂ 2 ਧੀਆਂ ਨੇ ਜਨਮ ਲਿਆ ਅਤੇ ਕਰੀਬ ਡੇਢ ਮਹੀਨਾ ਪਹਿਲਾਂ ਵੱਡੇ ਆਪ੍ਰੇਸ਼ਨ ਨਾਲ ਤੀਜੀ ਲੜਕੀ ਪੈਦਾ ਹੋਈ, ਜਿਸ ਦੀ ਵੀ 14 ਦਿਨ ਬਾਅਦ ਮੌਤ ਹੋ ਗਈ।
ਨਵਜੰਮੀ ਧੀ ਦੀ ਮੌਤ ਤੋਂ ਦੁਖੀ ਪ੍ਰਵੀਨ ਕੌਰ ਡਿਪ੍ਰੈਸ਼ਨ ਵਿਚ ਰਹਿਣ ਲੱਗ ਪਈ। 8 ਮਈ ਨੂੰ ਉਸਦਾ ਪਤੀ ਪਲਵਿੰਦਰ ਸਿੰਘ ਅਤੇ ਸਹੁਰਾ ਭਜਨ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ’ਤੇ ਚਲੇ ਗਏ, ਜਿਸ ਕਾਰਨ ਪ੍ਰਵੀਨ ਕੌਰ ਆਪਣੇ ਘਰ ਵਿਚ ਇਕੱਲੀ ਸੀ। ਸ਼ਾਮ ਨੂੰ ਪ੍ਰਵੀਨ ਨੇ ਆਪਣੇ ਮਕਾਨ ਵਿਚ ਜਾਨ ਦੇ ਦਿੱਤੀ। ਪ੍ਰਵੀਨ ਦੀ ਮਾਤਾ ਅਨੁਸਾਰ ਇਸ ਵਿਚ ਉਸਦੀ ਧੀ ਦੇ ਸਹੁਰੇ ਪਰਿਵਾਰ ਦਾ ਕੋਈ ਕਸੂਰ ਨਹੀਂ ਬਲਕਿ ਡਿਪ੍ਰੈਸ਼ਨ ਵਿਚ ਰਹਿਣ ਕਾਰਨ ਉਸਨੇ ਜਾਨ ਦਿੱਤੀ।
ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੌਦਾਗਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਵਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ ਧਾਰਾ 174 ਤਹਿਤ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।