ਨਿਊਜ਼ ਡੈਸਕ। ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੀਆਂ ਖਬਰਾਂ ਵਿਚਾਲੇ ਗੈਂਗਸਟਰ ਦਾ ਵੱਡਾ ਦਾਅਵਾ ਸਾਹਮਣੇ ਆਇਆ ਹੈ। ਗੈਂਗਸਟਰ ਗੋਲਡੀ ਬਰਾੜ ਨੇ ਅਮਰੀਕਾ ‘ਚ ਆਪਣੀ ਗ੍ਰਿਫਤਾਰੀ ਤੋਂ ਇਨਕਾਰ ਕੀਤਾ ਹੈ।

ਗੈਂਗਸਟਰ ਗੋਲਡੀ ਬਰਾੜ ਦਾ ਇੱਕ ਕਥਿਤ ਇੰਟਰਵਿਊ ਸੋਮਵਾਰ ਨੂੰ ਆਨਲਾਈਨ ਸਾਹਮਣੇ ਆਇਆ, ਜਿਸ ਵਿੱਚ ਉਸ ਨੇ ਦਾਅਵਾ ਕੀਤਾ ਕਿ ਉਹ ਨਾ ਤਾਂ ਫੜਿਆ ਗਿਆ ਹੈ ਅਤੇ ਨਾ ਹੀ ਉਹ ਅਮਰੀਕਾ ਵਿੱਚ ਹੈ। ਗੋਲਡੀ ਬਰਾੜ ਨੇ ਕਥਿਤ ਤੌਰ ‘ਤੇ ਇਹ ਦਾਅਵਾ ਅਜਿਹੇ ਸਮੇਂ ਕੀਤਾ ਹੈ ਜਦੋਂ ਕੁਝ ਦਿਨ ਪਹਿਲਾਂ ਕਈ ਖੁਫੀਆ ਏਜੰਸੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੋਲਡੀ ਬਰਾੜ ਨੂੰ ਕੈਲੀਫੋਰਨੀਆ ‘ਚ ਹਿਰਾਸਤ ‘ਚ ਲੈਣ ਦਾ ਦਾਅਵਾ ਕੀਤਾ ਸੀ।

ਸੀ.ਐੱਮ. ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਬਰਾੜ ਬਹੁਤ ਜਲਦੀ ਪੰਜਾਬ ਪੁਲਿਸ ਦੀ ਹਿਰਾਸਤ ‘ਚ ਹੋਵੇਗਾ। ਹਾਲਾਂਕਿ, ਗੈਂਗਸਟਰ ਗੋਲਡੀ ਬਰਾੜ ਨੇ ਯੂਟਿਊਬ ‘ਤੇ ਇੱਕ ਪੱਤਰਕਾਰ ਨੂੰ ਦਿੱਤੇ ਕਥਿਤ ਇੰਟਰਵਿਊ ਵਿੱਚ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ। ਇੰਟਰਵਿਊ ਦੀ ਸੱਚਾਈ ਦੀ ਪੁਸ਼ਟੀ ਨਹੀਂ ਹੋ ਸਕੀ।

ਦਰਅਸਲ, ਕਥਿਤ ਇੰਟਰਵਿਊ ਵਿੱਚ ਆਪਣੇ ਆਪ ਨੂੰ ਗੋਲਡੀ ਬਰਾੜ ਦੱਸਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਸੀ ਅਤੇ ਉਹ ਅਮਰੀਕਾ ਵਿੱਚ ਵੀ ਨਹੀਂ ਸੀ। ਇੰਟਰਵਿਊ ਦੀ ਆਡੀਓ ਕਲਿੱਪ ਵਿੱਚ ਉਹ ਭਗਵੰਤ ਮਾਨ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਦਾਅਵਿਆਂ ਦਾ ਖੰਡਨ ਕਰਦੇ ਸੁਣਿਆ ਜਾ ਸਕਦਾ ਹੈ।