ਜ਼ੀਰਕਪੁਰ| ਏਕਤਾ ਵਿਹਾਰ ਵਿੱਚ ਇੱਕ ਪਲਾਟ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਵੇਚਣ ਦੇ ਵਿਰੋਧ ਵਿੱਚ ਇਲਾਕੇ ਦੀਆਂ ਔਰਤਾਂ ਗਲੀ ਵਿੱਚ ਧਰਨੇ ’ਤੇ ਬੈਠ ਗਈਆਂ। ਇਸ ਗੱਲ ਦਾ ਪਤਾ ਲੱਗਦਿਆਂ ਹੀ ਕਾਲੋਨਾਈਜ਼ਰ ਦੀ ਪਤਨੀ ਅਤੇ ਬੇਟੀ ਉੱਥੇ ਪਹੁੰਚ ਗਈਆਂ ਅਤੇ ਕਾਰ ‘ਚੋਂ ਡੰਡਾ ਕੱਢ ਕੇ ਉਸ ਦੀ ਬੇਟੀ ਨੇ ਔਰਤਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਪਤਨੀ ਨੇ ਉਨ੍ਹਾ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੇ ਬਾਵਜੂਦ ਧਰਨੇ ‘ਤੇ ਬੈਠੀਆਂ ਔਰਤਾਂ ਨੇ ਧਰਨਾ ਜਾਰੀ ਰੱਖਿਆ ਤਾਂ ਉਨ੍ਹਾਂ ਨੇ ਉਨ੍ਹਾਂ ‘ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਸੁਸਾਇਟੀ ਦੀ ਰਹਿਣ ਵਾਲੀ ਔਰਤ ਨੇ ਗੱਡੀ ਦੇ ਬੋਨਟ ‘ਤੇ ਚੜ੍ਹ ਕੇ ਆਪਣੀ ਜਾਨ ਬਚਾਈ। ਮੁਲਜ਼ਮ ਮਹਿਲਾ ਨੂੰ 100 ਮੀਟਰ ਤੱਕ ਘਸੀਟ ਕੇ ਲੈ ਗਏ। ਗੱਡੀ ਦੀ ਲਪੇਟ ‘ਚ ਆ ਕੇ ਔਰਤ ਦੀ ਲੱਤ ਬੁਰੀ ਤਰ੍ਹਾਂ ਕੁਚਲੀ ਗਈ। ਇਸ ਤੋਂ ਬਾਅਦ ਸਮਾਜ ਦੇ ਕੁਝ ਲੋਕਾਂ ਨੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਲੋਨਾਈਜ਼ਰ ਦੀ ਪਤਨੀ ਅਤੇ ਬੇਟੀ ਨੇ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ।

ਇਸ ਕਾਰਨ ਸੁਸਾਇਟੀ ਦੀ ਇੱਕ ਔਰਤ ਅਤੇ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਦੋਵੇਂ ਹਮਲਾਵਰ ਔਰਤਾਂ ਮੌਕੇ ਤੋਂ ਫਰਾਰ ਹੋ ਗਈਆਂ। ਇਸ ਤੋਂ ਬਾਅਦ ਸੁਸਾਇਟੀ ਦੇ ਲੋਕ ਇਕੱਠੇ ਹੋ ਗਏ ਅਤੇ ਜ਼ਖਮੀਆਂ ਨੂੰ ਢਕੋਲੀ ਦੇ ਹਸਪਤਾਲ ਪਹੁੰਚਾਇਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।