ਫਾਜ਼ਿਲਕਾ, 23 ਨਵੰਬਰ | ਜਲਾਲਾਬਾਦ ‘ਚ ਫ਼ਿਰੋਜ਼ਪੁਰ ਰੋਡ ‘ਤੇ ਸੀਕ੍ਰੇਟ ਹਾਰਟ ਕਾਨਵੈਂਟ ਸਕੂਲ ਨੇੜੇ ਸੜਕ ਹਾਦਸੇ ‘ਚ ਇਕ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਹਾਦਸੇ ਤੋਂ ਬਾਅਦ ਮ੍ਰਿਤਕ ਦੀ ਲਾਸ਼ ਕਾਫੀ ਦੇਰ ਤੱਕ ਸੜਕ ‘ਤੇ ਪਈ ਰਹੀ, ਜਿਸ ਤੋਂ ਬਾਅਦ ਪੈਦਲ ਜਾ ਰਹੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਭੇਜੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ।
ਰਾਹਗੀਰ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਸੈਰ ਕਰਨ ਲਈ ਘਰੋਂ ਨਿਕਲੇ ਸਨ, ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸੜਕ ‘ਤੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਉਸ ਦੀ ਲਾਸ਼ ਸੜਕ ‘ਤੇ ਪਈ ਹੈ, ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਉਹ ਮੌਕੇ ‘ਤੇ ਪਹੁੰਚੇ ਤੇ ਲਾਸ਼ ਨੂੰ ਸਰਕਾਰੀ ਹਸਪਤਾਲ ਭੇਜਿਆ।
ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਵਾਹਨ ਦੀ ਟੱਕਰ ਨਾਲ ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ ਹੋ ਗਈ, ਮ੍ਰਿਤਕ ਦੀ ਪਛਾਣ ਬੂਟਾ ਸਿੰਘ ਵਾਸੀ ਪਿੰਡ ਨੂਰਕੇ ਵਜੋਂ ਹੋਈ ਹੈ। ਪੁਲਿਸ ਅਨੁਸਾਰ ਮ੍ਰਿਤਕ ਸ਼ਾਦੀਸ਼ੁਦਾ ਹੈ ਅਤੇ ਉਸ ਦਾ ਇੱਕ ਬੱਚਾ ਹੈ, ਜਦਕਿ ਉਸ ਦੀ ਪਤਨੀ ਗੁੱਸੇ ਵਿਚ ਆਪਣੇ ਪੇਕੇ ਘਰ ਚਲੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਕੇਸ਼ਵ ਨੂੰ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।