ਫਾਜ਼ਿਲਕਾ, 19 ਜਨਵਰੀ | ਜ਼ਿਲੇ ਦੇ ਪਿੰਡ ਬੱਲੂਆਣਾ ’ਚ ਸਥਿਤ ਟਿੱਬੀ ਸਾਹਿਬ ਗੁਰਦੁਆਰੇ ’ਚ ਤਬਲਾ ਵਾਦਕ ਦੀ ਮਿਰਗੀ ਦਾ ਦੌਰਾ ਪੈਣ ਕਾਰਨ 35 ਸਾਲਾ ਰੇਸ਼ਮ ਸਿੰਘ ਦੀ ਮੌਤ ਹੋ ਗਈ। ਗੁਰਦੁਆਰੇ ’ਚ ਤਬਲਾ ਵਾਦਕ ਵਜੋਂ ਸੇਵਾ ਨਿਭਾਉਣ ਵਾਲੇ ਰੇਸ਼ਮ ਸਿੰਘ ਪਿਛਲੇ ਕਾਫੀ ਸਮੇਂ ਤੋਂ ਮਿਰਗੀ ਦੀ ਬੀਮਾਰੀ ਤੋਂ ਪੀੜਤ ਸੀ, ਜਿਸ ਦੌਰਾਨ ਰੇਸ਼ਮ ਸਿੰਘ ਬਾਥਰੂਮ ’ਚ ਇਸ਼ਨਾਨ ਕਰ ਰਿਹਾ ਸੀ।

ਨਹਾਉਂਦੇ ਸਮੇਂ ਅਚਾਨਕ ਉਸ ਨੂੰ ਮਿਰਗੀ ਦਾ ਦੌਰਾ ਪਿਆ ਅਤੇ ਉਹ ਪਾਣੀ ਨਾਲ ਭਰੇ ਟੱਬ ਵਿੱਚ ਡਿੱਗ ਪਿਆ। ਕੁਝ ਸਮੇਂ ਬਾਅਦ ਜਦੋਂ ਲੋਕਾਂ ਨੇ ਉਸ ਨੂੰ ਦੇਖਿਆ ਤਾਂ ਬਹੁਤ ਦੇਰ ਹੋ ਚੁੱਕੀ ਸੀ। ਗੁਰਦੁਆਰਾ ਸਾਹਿਬ ਦੇ ਸੇਵਾਦਾਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਥਾਣਾ ਸਦਰ ਪੁਲਸ ਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸਤਨਾਮ ਸਿੰਘ ਦੇ ਬਿਆਨ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।