ਜਲੰਧਰ . ਬੱਲੇ-ਬੱਲੇ ਫਾਰਮ ਹਾਊਸ ਵਿਚ ਆਪਣੇ ਸੂਬਿਆਂ ਨੂੰ ਵਾਪਸ ਪਰਤਣ ਲਈ ਗੇਟ ਅੰਦਰ ਦਾਖਲ ਹੋ ਰਹੇ ਪਰਵਾਸੀ ਮਜ਼ਦੂਰਾਂ ‘ਤੇ ਅੱਜ ਪੁਲਿਸ ਨੇ ਲਾਠੀਚਾਰਜ ਕੀਤਾ। ਮਜ਼ਦੂਰਾਂ ਵਲੋਂ ਦਿਖਾਈ ਗਈ ਕਾਹਲ ਉਨ੍ਹਾਂ ਨੂੰ ਮਹਿੰਗੀ ਪਈ ਕਿਉਂਕਿ ਪੁਲਿਸ ਨੇ ਬਿਨਾਂ ਕੋਈ ਚਿਤਾਵਨੀ ਦਿੱਤਿਆਂ ਉਹਨਾਂ ‘ਤੇ ਲਾਠੀਚਾਰਜ ਕਰ ਦਿੱਤਾ। ਹਾਲਾਂਕਿ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਲਾਠੀਚਾਰਜ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਤਾਂ ਸਾਰਾ ਦਿਨ ਤਿੱਖੀ ਧੁੱਪ ਵਿਚ ਡਿਊਟੀ ਦਿੰਦੇ ਹਨ ਤਾਂ ਜੋ ਪਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਪਰਤ ਸਕਣ। ਏਸੀਪੀ ਅਸ਼ਵਨੀ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਲਾਠੀਚਾਰਜ ਬਾਰੇ ਪਤਾ ਨਹੀਂ ਕਿਉਂਕਿ ਉਨ੍ਹਾਂ ਦੀ ਡਿਊਟੀ ਫਾਰਮ ਹਾਊਸ ਦੇ ਅੰਦਰ ਸੀ।

ਪਠਾਨਕੋਟ ਚੌਂਕ ਵਿਚ ਬਣੇ ਫਲਾਈਓਵਰ ਹੇਠਾਂ ਪਿਛਲੇ 7-8 ਦਿਨਾਂ ਤੋਂ ਕਰੀਬ ਦੋ ਹਜਾਰ ਪਰਵਾਸੀ ਮਜ਼ਦੂਰ ਬੈਠੇ ਹਨ, ਜੋ ਲੌਕਡਾਊਨ ਕਾਰਨ ਫਸੇ ਹੋਏ ਹਨ। ਇਨ੍ਹਾਂ ਮਜ਼ਦੂਰਾਂ ਨੂੰ ਕਦੇ ਭੁੱਖੇ ਵੀ ਸੌਣਾ ਪੈਂਦਾ ਹੈ। ਰਮੇਸ਼ ਯਾਦਵ ਦਾ ਕਹਿਣਾ ਸੀ ਕਿ ਉਹ ਪੰਜਾਬ 2005 ਤੋਂ ਆਉਦਾ ਹੈ ਅਤੇ ਜਦੋਂ ਜੀਅ ਕਰੇ ਬੜਾ ਸੌਖਾ ਆਪਣੇ ਘਰ ਚਲਾ ਜਾਂਦਾ ਸੀ ਪਰ ਇਸ ਵਾਰ ਘਰ ਬੜਾ ਦੂਰ ਲੱਗ ਰਿਹਾ ਹੈ। ਧਰਮਿੰਦਰ ਸਣੇ 9 ਜਣੇ ਇੱਥੇ ਪਾਇਪ ਫੈਕਟਰੀ ਵਿਚ ਕੰਮ ਕਰਦੇ ਸੀ। ਲੌਕਡਾਊਨ ਦੌਰਾਨ ਫੈਕਟਰੀ ਮਾਲਕ ਨੇ ਪੈਸੇ ਨਹੀਂ ਦਿੱਤੇ। ਉਹ 9 ਸਾਥੀਆਂ ਨਾਲ ਇੱਥੇ ਪੁਲ ਹੇਠਾਂ ਰਹਿੰਦਾ ਹੈ। ਉਸ ਨੇ ਆਪਣਾ ਮੋਬਾਇਲ ਫੋਨ ਦਿਖਾਇਆ, ਜਿਸ ਤੇ ਪ੍ਰਸ਼ਾਸਨ ਦਾ ਸੁਨੇਹਾ ਸੀ ਅਤੇ 22 ਮਈ ਨੂੰ ਜਾਣ ਵਾਲੀ ਰੇਲ ਗੱਡੀ ਵਿਚ ਜਾਣਾ ਤੈਅ ਹੈ। ਧਰਮਿੰਦਰ ਨੇ ਦੱਸਿਆ ਕਿ ਜਦੋਂ ਅੱਜ ਉਹ ਮੈਡੀਕਲ ਕਰਵਾਉਣ ਗਏ ਤਾਂ ਪੁਲੀਸ ਨੇ ਡੰਡੇ ਮਾਰ ਕੇ ਭਜਾ ਦਿੱਤਾ।