ਨਵਾਂਸ਼ਹਿਰ . ਸਬ ਡਵੀਜਨ ਗੜ੍ਹਸ਼ੰਕਰ ਅਧੀਨ ਆਉਂਦੇ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਤਾਇਨਾਤ ਇਕ ਮਹਿਲਾ ਡਾਕਟਰ ਨੂੰ ਰੋਜ਼ਾਨਾ ਹੀ ਤੰਗ ਪ੍ਰੇਸ਼ਾਨ ਕਰਨ ਵਾਲੇ ਕਥਿਤ ਦੋਸ਼ੀ ਨੂੰ ਆਖਿਰਕਾਰ 15 ਦਿਨਾਂ ਬਾਅਦ ਹਾਈ ਵੋਲਟੇਜ ਡਰਾਮੇ ਮਗਰੋਂ ਨਾਮਜ਼ਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਤਾਇਨਾਤ ਡਾ. ਡਿੰਪਲ ਪਤਨੀ ਗੌਰਵ ਕੌਡਲ ਵਾਸੀ ਫ਼ਗਵਾੜਾ ਨੇ ਪੁਲਿਸ ਨੂੰ ਦਿੱਤੇ ਬਿਆਨਾ ਵਿਚ ਦੱਸਿਆ ਕਿ ਸਤਪਾਲ ਪੁੱਤਰ ਅਜੀਤ ਸਿੰਘ ਵਾਸੀ ਮਹਿਰੋਵਾਲ ਪਿਛਲੇ ਕਈ ਦਿਨਾਂ ਤੋਂ ਦਵਾਈ ਲੈਣ ਬਹਾਨੇ ਹਸਪਤਾਲ ਆ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਐਮਰਜੈਂਸੀ ਵਿਚ ਟੀਕਾ ਲਗਵਾਉਂਦੇ ਸਮੇਂ ਉਸ ਨੂੰ ਗ਼ਲਤ ਇਸ਼ਾਰੇ ਕਰਦਾ ਸੀ ਅਤੇ ਕਿਸੇ ਹੋਰ ਡਾਕਟਰ ਤੋਂ ਦਵਾਈ ਲੈਣ ਦੀ ਬਜਾਏ ਉਸ ਨੂੰ ਉੱਚੀ-ਉੱਚੀ ਆਵਾਜ਼ਾਂ ਮਾਰਦਾ ਸੀ ਅਤੇ ਉਸ ਨੂੰ ਡਿਊਟੀ ਦੇਣ ਤੋਂ ਰੋਕਦਾ ਸੀ।

ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਵੀ ਉਹ ਹਸਪਤਾਲ ਵਿਚ ਦਵਾਈ ਲੈਣ ਦੇ ਬਹਾਨੇ ਆਇਆ ਸੀ ਅਤੇ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਸੀ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਲੋਕ ਸੇਵਕ ਦੇ ਕਾਰਜਕਾਲ ‘ਚ ਵਿਘਨ ਪਾਉਣ, ਜਿਣਸੀ ਸੰਬੰਧਾਂ ਦੀ ਮੰਗ ਕਰਨ, ਬੁਰੀ ਨੀਅਤ ਨਾਲ ਪਿੱਛਾ ਕਰਨ, ਲੋਕ ਸੇਵਕ ਨੂੰ ਆਪਣਾ ਫ਼ਰਜ਼ ਨਿਭਾਉਣ ਤੋਂ ਰੋਕਣ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।