ਜਲੰਧਰ. ਪੰਜਾਬ ਵਿਚ ਕਰਫਿਊ ਦੌਰਾਨ ਜਿੱਥੇ ਲੋਕ ਕਈ ਤਰ੍ਹਾਂ ਦੀਆਂ ਸਮਾਜਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉੱਥੇ ਹੀ ਪ੍ਰਵਾਸੀ ਮਜ਼ਦੂਰਾਂ ਦੀ ਹਾਲਾਤ ਬੜੀ ਤਰਸਯੋਗ ਬਣੀ ਹੋਈ ਹੈ। ਜਲੰਧਰ ਦੇ ਬਲਾਕ ਆਦਮਪੁਰ ਏਅਰਪੋਟ ਉੱਤੇ ਕੰਮ ਕਰਦੇ ਮਜਦੂਰ ਪਿਛਲੇ 2 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਅੱਜ ਥਾਣਾ ਆਦਮਪੁਰ ਅੱਗੇ ਧਰਨੇ ਉੱਤੇ ਬੈਠ ਗਏ ਹਨ।
ਮਜ਼ਦੂਰਾਂ ਦੇ ਮੁੱਖੀ ਮੋਹਣ ਸਿੰਘ ਦਾ ਕਹਿਣਾ ਹੈ ਕਿ ਅਸੀਂ ਆਦਮਪੁਰ ਏਅਰਪੋਟ ਉੱਤੇ ਸਿੰਗਲਾ ਕੰਪਨੀ ਦੇ ਮਾਲਕ ਜੇਪੀ ਸਿੰਗਲਾ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਸਾਂ ਜੋ ਹੁਣ ਸਾਨੂੰ ਰੋਟੀ ਦੇਣ ਤੋਂ ਵੀ ਅਵਾਜਾਰ ਹੈ।
ਉਹਨਾਂ ਕਿਹਾ ਕਿ ਜੇਪੀ ਸਿੰਘ ਦਾ ਕਹਿਣਾ ਹੈ ਕਿ ਅਸੀਂ ਘਰਾਂ ਨੂੰ ਚਲੇ ਜਾਈਏ, ਪਰ ਸਾਡੇ ਕੋਲ ਤਾਂ ਕੋਈ ਪੈਸਾ ਵੀ ਨਹੀਂ ਹੈ ਪਿਛਲੇ 2 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਸਾਡਾ ਆਪਣੇ ਰਾਜਾਂ ਨੂੰ ਪਰਤਣਾਂ ਮੁਸ਼ਕਲ ਹੋ ਗਿਆ ਹੈ। ਹੁਣ ਕੰਪਨੀ ਨੇ ਰਾਸ਼ਨ ਦੇਣਾ ਵੀ ਬੰਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀਂ ਲੇਬਰ ਕਮਿਸ਼ਨਰ ਨਾਲ ਵੀ ਗੱਲ ਕੀਤੀ ਹੈ। 24 ਅਪ੍ਰੈਲ ਤੋਂ ਲੈ ਕੇ ਅਸੀਂ ਅੱਜ ਤਕ ਉਡੀਕ ਵਿਚ ਹੀ ਲੰਘਾ ਦਿੱਤੇ ਹਨ। ਪ੍ਰਸਾਸ਼ਨ ਨੇ ਵੀ ਸਾਡੀ ਕੋਈ ਮਦਦ ਨਹੀਂ ਕੀਤੀ।
ਮਜ਼ਦੂਰ ਮੋਹਨ ਸਿੰਘ, ਟੁਨਟੁਨ ਕੁਮਾਰ, ਰਣਜੀਤ ਕੁਮਾਰ, ਰਵੀ, ਬੇਚੈਨ , ਪੁਲਿਸਵਰ ਕੁਮਾਰ ਨੇ ਕਿਹਾ ਅਸੀਂ ਕੁੱਲ 14 ਬੰਦੇ ਹਾਂ ਜੋ ਆਪਣੀ ਤਨਖਾਹ ਲੈਣ ਲਈ ਜਦੋਜਹਿਦ ਕਰ ਰਹੇ ਹਾਂ।
ਠੇਕੇਦਾਰ ਨੂੰ ਮਜ਼ਦੂਰਾਂ ਦਾ ਪੂਰਾ ਹਿਸਾਬ ਦੇ ਚੁੱਕਾ ਹਾਂ, ਜੋ ਹੁਣ ਆਗਰਾ ਜਾ ਚੁੱਕਾ ਹੈ : ਜੇਪੀ ਸਿੰਗਲਾ
ਸਿੰਗਲਾ ਕੰਪਨੀ ਦੇ ਮਾਲਕ ਜੇਪੀ ਸਿੰਗਲਾ ਨੇ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਮਜ਼ਦੂਰਾਂ ਦਾ ਹਿਸਾਬ ਪਹਿਲਾਂ ਹੀ ਕਰ ਚੁੱਕਾਂ ਹਾਂ। ਉਹਨਾਂ ਕਿਹਾ ਕਿ ਮੈਂ ਲੇਬਰ ਕਮਿਸ਼ਨਰ ਨਾਲ ਗੱਲਬਾਤ ਕਰਕੇ ਇਹਨਾਂ ਦੇ ਠੇਕੇਦਾਰ ਅਰੁਣ ਪ੍ਰਤਾਪ ਨੂੰ ਇਨ੍ਹਾਂ ਦਾ ਸਾਰਾ ਪੈਸਾ ਦੇ ਦਿੱਤਾ ਹੈ। ਹੁਣ ਇਹਨਾਂ ਦਾ ਠੇਕੇਦਾਰ ਆਗਰਾ ਚਲਾ ਗਿਆ ਹੈ ਤੇ ਇਨ੍ਹਾਂ ਨਾਲ ਰਾਬਤਾ ਕਾਇਮ ਨਹੀਂ ਕਰ ਪਾ ਰਿਹਾ।