ਜਲੰਧਰ | ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ ਹੋਈ । ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋਈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਤੋਂ ਪਹਿਲਾਂ 1972 ਪੋਲਿੰਗ ਬੂਥਾਂ ‘ਤੇ ਮੌਕ ਪੋਲਿੰਗ ਸ਼ੁਰੂ ਹੋ ਚੁੱਕੀ ਹੈ। 9 ਵਿਧਾਨ ਸਭਾ ਹਲਕਿਆਂ ਵਾਲੀ ਇਸ ਲੋਕ ਸਭਾ ਸੀਟ ‘ਤੇ 1972 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ‘ਤੇ ਜ਼ਿਲ੍ਹੇ ਦੇ 16 ਲੱਖ 21 ਹਜ਼ਾਰ ਵੋਟਰ ਨਵੇਂ ਸੰਸਦ ਮੈਂਬਰ ਦੀ ਚੋਣ ਕਰਨਗੇ |

ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਇਸ ਸਾਲ ਜਨਵਰੀ ‘ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇੱਥੇ ਉਪ ਚੋਣ ਹੋ ਰਹੀ ਹੈ।
ਕਾਂਗਰਸ ਕੋਲ ਇਸ ਉਪ ਚੋਣ ‘ਚ ਆਪਣਾ ਗੜ੍ਹ ਬਚਾਉਣ ਦੀ ਚੁਣੌਤੀ ਹੈ ਕਿਉਂਕਿ ਕਾਂਗਰਸ ਪਿਛਲੇ 4 ਵਾਰ ਇੱਥੋਂ ਲਗਾਤਾਰ ਜਿੱਤਦੀ ਆ ਰਹੀ ਹੈ। ਸੰਤੋਖ ਸਿੰਘ ਚੌਧਰੀ ਵੀ ਇੱਥੋਂ ਲਗਾਤਾਰ ਦੋ ਵਾਰ ਸੰਸਦ ਮੈਂਬਰ ਚੁਣੇ ਗਏ ਸਨ। ਇਸ ਵਾਰ ਕਾਂਗਰਸ ਨੇ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਦਿੱਤੀ ਹੈ।

ਆਮ ਆਦਮੀ ਪਾਰਟੀ (ਆਪ) ਦੇ ਸਾਹਮਣੇ ਚੁਣੌਤੀ ਆਪਣੀ ਛਵੀ ਬਚਾਉਣ ਦੀ ਹੈ। ਸੂਬੇ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਉਹ ਸੰਗਰੂਰ ਚੋਣਾਂ ਹਾਰ ਗਏ ਹਨ। ਅਜਿਹੇ ‘ਚ ਜੇਕਰ ਉਹ ਇੱਥੇ ਵੀ ਹਾਰ ਗਏ ਤਾਂ ਸਰਕਾਰ ਦੀ ਕਾਰਜਪ੍ਰਣਾਲੀ ‘ਤੇ ਸਵਾਲ ਖੜ੍ਹੇ ਹੋਣਗੇ। ਇਸ ਦੇ ਮੱਦੇਨਜ਼ਰ ‘ਆਪ’ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਪਾਰਟੀ ‘ਚ ਸ਼ਾਮਲ ਕਰ ਕੇ ਟਿਕਟ ਦਿੱਤੀ ਹੈ।

ਕਿਸਾਨ ਅੰਦੋਲਨ ਤੋਂ ਬਾਅਦ ਪੈਦਾ ਹੋਈ ਨਰਾਜ਼ਗੀ ਨੂੰ ਦੂਰ ਕਰਨਾ ਭਾਜਪਾ ਸਾਹਮਣੇ ਵੱਡੀ ਚੁਣੌਤੀ ਹੈ। ਇਸੇ ਕਾਰਨ ਸਾਬਕਾ ਅਕਾਲੀ ਵਿਧਾਇਕ ਇੰਦਰ ਇਕਬਾਲ ਅਟਵਾਲ ਨੂੰ ਪਾਰਟੀ ਵਿੱਚ ਸ਼ਾਮਲ ਕਰ ਕੇ ਉਮੀਦਵਾਰ ਬਣਾਇਆ ਗਿਆ ਹੈ।