ਵਿਸਾਖੀ ਦਾ ਤਿਉਹਾਰ ਇਕ ਅਜਿਹਾ ਤਿਉਹਾਰ ਹੈ ਜੋ ਪੰਜਾਬ ਵਿਚ ਸਦੀਆਂ ਤੋਂ ਮਨਾਇਆ ਜਾਂਦਾ ਆ ਰਿਹਾ ਹੈ। ਇਸ ਨੂੰ ਜ਼ਿਆਦਾਤਰ ਕਿਸਾਨਾਂ ਨਾਲ ਵੀ ਜੋੜਕੇ ਦੇਖਿਆ ਜਾਂਦਾ ਹੈ ਕਿ ਹਾੜੀ ਦੀ ਫਸਲ ਕਣਕ ਦੀ ਕਟਾਈ ਤੋਂ ਲੈ ਕੇ ਸਾਂਭ ਸੰਭਾਲ ਤੱਕ ਸਭ ਕੰਮ ਸਿਰੇ ਚਾੜ੍ਹ ਕੇ ਕਿਸਾਨ ਵਿਹਲਾ ਹੋ ਕੇ ਜੋ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਾ ਹੈ। ਇਹ ਖੁਸ਼ੀ ਹੀ ਮੇਲੇ ਦੇ ਤੌਰ ‘ਤੇ ਮਨਾਈ ਜਾਣ ਲੱਗ ਪਈ। ਵਿਸਾਖੀ ਦੇ ਤਿਉਹਾਰ ਦੇ ਜੇਕਰ ਇਤਿਹਾਸਕ ਪਿਛੋਕੜ ਵੱਲ ਵੀ ਨਜ਼ਰ ਮਾਰੀਏ ਤਾਂ ਇਹ ਤਿਉਹਾਰ ਸਾਨੂੰ ਅਜਿਹੀਆਂ ਘਟਨਾਵਾਂ ਨਾਲ ਵੀ ਜੋੜਦਾ ਹੈ, ਜਿਹਨਾਂ ਨੇ ਪੰਜਾਬ ਦੇ ਇਤਿਹਾਸ ਵਿਚ ਵੀ ਆਪਣਾ ਬਣਦਾ ਯੋਗਦਾਨ ਪਾਇਆ ਹੈ। 13 ਅਪ੍ਰੈਲ ਵਿਸਾਖੀ ਦਾ ਦਿਨ ਇਤਿਹਾਸ ਵਿਚ ਆਪਣਾ ਇਕ ਵਿਲੱਖਣ ਸਥਾਨ ਹਾਸਲ ਕਰ ਗਿਆ ਹੈ। ਇਸ ਦਿਹਾੜੇ ਨਾਲ ਇਸ ਤਰ੍ਹਾਂ ਦੀਆਂ ਇਤਿਹਾਸਕ ਘਟਨਾਵਾਂ ਦਾ ਵੀ ਸਬੰਧ ਹੈ ਜਿਹੜੀਆਂ ਪ੍ਰੇਰਨਾਦਾਇਕ ਹੋਣ ਦੇ ਨਾਲ ਨਾਲ ਪਿਛਲੇ ਇਤਿਹਾਸ ‘ਤੇ ਵੀ ਬਹੁਤ ਪ੍ਰਭਾਵ ਪਾਇਆ ਹੈ ਅਤੇ ਇਹ ਘਟਨਾਵਾਂ ਸਾਡੇ ਲਈ ਪ੍ਰੇਰਨਾ ਸਰੋਤ ਵੀ ਬਣੀਆਂ ਰਹਿਣਗੀਆਂ।
ਖਾਲਸੇ ਦੀ ਸਿਰਜਣਾ
1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਉਪਰ ਭਰਵੇਂ ਇਕੱਠ ਸਾਹਮਣੇ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਨੰਗੀ ਤਲਵਾਰ ਨੂੰ ਹਵਾ ਵਿਚ ਲਹਿਰਾ ਕੇ ਪੰਜ ਸੂਰਮਿਆਂ ਦੇ ਸਿਰਾਂ ਦੀ ਮੰਗ ਕੀਤੀ ਸੀ। ਉਸ ਸਮੇਂ ਅਨਿਆਂ ਤੇ ਜ਼ੁਲਮ ਕਰ ਰਹੀਆਂ ਸਰਕਾਰਾਂ ਅਤੇ ਇਨ੍ਹਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਮੂੰਹ ਭੰਨ ਸਕਣ ਅਤੇ ਲੁੱਟੀ ਪੁੱਟੀ ਜਾ ਰਹੀ ਲੁਕਾਈ ਨੂੰ ਇਕਜੁਟ ਕਰਕੇ ਇਨਸਾਫ ਦੀ ਪ੍ਰਾਪਤੀ ਕੀਤੀ ਜਾ ਸਕੇ। ਉਸ ਸਮੇਂ ਧਾਰਮਿਕਤਾ ਤੋਂ ਉਠ ਕੇ ਰਾਜਨੀਤਕ ਧਾਰਾ ਵੱਲ ਜਾਣਾ ਇਹ ਇਕ ਨਿਵੇਕਲਾ ਤੇ ਵਿਲੱਖਣ ਹੀ ਰਾਹ ਸੀ। ਉਸ ਸਮੇਂ ਭਾਰਤ ਵਿਚ ਮੁਗਲਾਂ ਦਾ ਰਾਜ ਸੀ। ਗਰੀਬ ਜਨਤਾ ਜਗੀਰਦਾਰਾਂ ਤੇ ਰਜਵਾੜਿਆਂ ਦੇ ਕਹਿਰ ਦੀ ਸ਼ਿਕਾਰ ਸੀ। ਔਰੰਗਜ਼ੇਬ ਜਬਰੀ ਧਰਮ ਪਰਵਰਤਨ ਕਰਕੇ ਲੋਕਾਂ ਨੂੰ ਗੁਲਾਮੀ ਦੇ ਰਾਹ ਵੱਲ ਤੋਰ ਰਿਹਾ ਸੀ। ਉਸ ਸਮੇਂ ਲੋਕਾਂ ਵਿਚ ਨਿਰਾਸ਼ਤਾ ਵੀ ਸੀ ਤੇ ਜੁਲਮਾਂ ਨੂੰ ਸਹਿਣ ਦੀ ਸ਼ਹਿਣਸ਼ੀਲਤਾ ਵੀ ਖਤਮ ਹੋ ਰਹੀ ਸੀ।
ਸ਼ਰਧਾਲੂਆਂ ਦੇ ਇਸ ਵੱਡੇ ਇਕੱਠ ਵਿਚੋਂ ਸਿਰਫ ਪੰਜ ਉਹ ਮਰਦ ਉਠੇ ਜਿਹਨਾਂ ਦਾ ਸਬੰਧ ਕਿਰਤੀ ਸ਼੍ਰੇਣੀ ਨਾਲ ਸੀ। ਲਾਚਾਰ, ਮਾਯੂਸ ਅਤੇ ਜੁਲਮ ਸਹਿਣ ਕਰਨ ਵਾਲੇ ਲੋਕਾਂ ਵਿਚੋਂ ਉਹ ਬਹਾਦਰ ਲੋਕ ਕੱਢਣਾ ਕੋਈ ਆਸਾਨ ਕੰਮ ਵੀ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵਿਲੱਖਣ ਤਰੀਕਾ ਚੁਣਿਆ। ਪੰਜਾਂ ਯੋਧਿਆਂ ਨੂੰ ਹਜ਼ਾਰਾਂ ਦੇ ਇਕੱਠ ਦੀ ਮੌਜੂਦਗੀ ਵਿਚ ਆਪਾਵਾਰੂ ਵਿਚਾਰਧਾਰਾ ਤੇ ਨਿਵੇਕਲੀ ਦਿੱਖ ਦੇ ਕੇ ਖਾਲਸਾ ਪੰਥ ਦੀ ਸਾਜਣਾ ਕੀਤੀ ਗਈ। ਨਾਲ ਹੀ ਇਨ੍ਹਾਂ ਦੇ ਹੱਥੋਂ ਆਪ ‘ਅੰਮ੍ਰਿਤ’ ਛਕ ਕੇ ਜਰਨੈਲਾਂ ਅਤੇ ਸਿਪਾਹੀਆਂ ਵਿਚਕਾਰ ਖਿੱਚੀ ਗਈ ਘਟੀਆਪਨ ਦੇ ਅਹਿਸਾਸ ਪੈਦਾ ਕਰਨ ਵਾਲੀ ਰੇਖਾ ਮਿਟਾਉਣ ਦਾ ਵਿਲੱਖਣ ਤੇ ਸੋਹਣਾ ਢੰਗ ਅਪਣਾਇਆ ਗਿਆ।
ਸਭ ਤੋਂ ਪਹਿਲਾਂ ਅੰਮ੍ਰਿਤ ਛਕਣ ਵਾਲੇ 5 ਸ਼ਰਧਾਲੂ ਸਨ : ਦਇਆ ਰਾਮ ਲਾਹੌਰ, ਧਰਮ ਦਾਸ ਦਿੱਲੀ, ਮੁਹਕਮ ਚੰਦ ਦਵਾਰਕਾ, ਸਾਹਿਬ ਚੰਦ ਬਿਦਰ ਅਤੇ ਜਗਨਾਥ ਤੋਂ ਹਿੰਮਤ ਰਾਏ। ਗੁਰੂ ਸਾਹਿਬ ਨੇ ਐਲਾਨ ਕੀਤਾ ਕਿ ਜਾਤਪਾਤ, ਧਰਮ, ਗੋਤ ਆਦਿ ਦੇ ਆਧਾਰ ‘ਤੇ ਕੋਈ ਵਿਤਕਰਾ ਨਹੀਂ ਹੋਵੇਗਾ ਅਤੇ ਸਾਰੇ ਹੀ ਵਰਣਾਂ ਤੇ ਜਾਤਾਂ ਦੇ ਲੋਕ ਖਾਲਸੇ ਦੀ ਫੌਜ ਵਿਚ ਸ਼ਾਮਲ ਹੋ ਸਕਦੇ ਹਨ। ਉਨਾਂ ਦਾ ਖਾਲਸਾ ਗਰੀਬ ਦੀ ਮਦਦ ਕਰਨ ਤੇ ਉਹਨਾਂ ਦੀ ਰੱਖਿਆ ਕਰਨ, ਜਾਤ ਪਾਤ, ਮੂਰਤੀ ਪੂਜਾ, ਮੜ੍ਹੀਆਂ ਮਸਾਣਾ ਦੀ ਪੂਜਾ ਤੇ ਵਹਿਮਾਂ ਭਰਮਾਂ ‘ਚ ਵਿਸ਼ਵਾਸ ਨਾ ਰੱਖਣ ਅਤੇ ਜਬਰ ਜ਼ੁਲਮ ਵਿਰੁੱਧ ਲੜਨ ਵਾਲਾ ਮਾਨਵ ਹੋਵੇਗਾ। ਉਸ ਦਿਨ ਹੀ ਉਹ ਆਪ ਵੀ ਆਪਣੇ ਸਿੰਘਾਂ ਹੱਥੋਂ ਅੰਮ੍ਰਿਤ ਛਕ ਕੇ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣ ਗਏ। ਖਾਲਸੇ ਦੀ ਸਿਰਜਣਾ ਪੰਜਾਬ ਦੇ ਇਤਹਾਸ ਵਿਚ ਇਹ ਇਕ ਮਹਾਨ ਘਟਨਾ ਸੀ ਜਿਸ ਨੇ ਪੰਜਾਬ ਦੇ ਸਮਾਜਕ, ਆਰਥਕ ਤੇ ਰਾਜਨੀਤਕ ਖੇਤਰ ‘ਤੇ ਡੂੰਘਾ ਪ੍ਰਭਾਵ ਪਾਇਆ।
ਕੂਕਾ ਲਹਿਰ ਦੀ ਸਥਾਪਨਾ
1857 ਦੀ ਵਿਸਾਖੀ ਵਾਲੇ ਦਿਨ ਪੰਜਾਂ ਦਰਿਆਵਾਂ ਦੀ ਇਸ ਮਹਾਨ ਧਰਤੀ ‘ਤੇ ਕੂਕਾ ਲਹਿਰ ਦੀ ਵੀ ਸਥਾਪਨਾ ਹੋਈ। ਉਸ ਸਮੇਂ ਵੀ ਪੰਜਾਬ ਅੰਗਰੇਜ਼ਾਂ ਦੇ ਕਬਜ਼ੇ ਹੇਠ ਆ ਚੁੱਕਾ ਸੀ ਅਤੇ ਉਹਨਾਂ ਦੇ ਜ਼ੁਲਮਾਂ ਤੋਂ ਬਹੁਤ ਤੰਗ ਆ ਚੁੱਕਾ ਸੀ। ਇਹੋ ਹੀ ਸਮਾਂ ਸੀ ਜਦੋਂ ਜ਼ੁਲਮਾਂ ਦੇ ਸਤਾਏ ਲੋਕਾਂ ਅੰਦਰ ਇਕ ਵਾਰ ਫਿਰ ਕ੍ਰਾਂਤੀ ਦੀ ਲਹਿਰ ਉਠਣੀ ਲਾਜ਼ਮੀ ਸੀ। ਲੁਧਿਆਣੇ ਜ਼ਿਲ੍ਹੇ ‘ਚ ਪੈਦਾ ਹੋਏ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ਼ ਵਿਚੋਂ ਨੌਕਰੀ ਛੱਡ ਕੇ ਆਏ ਹੋਏ ਇਕ ਸੰਤ ਸੁਭਾਅ ਵਿਅਕਤੀ ਸ਼੍ਰੀ ਗੁਰੂ ਰਾਮ ਸਿੰਘ ਜੀ ਵਲੋਂ 1857 ਦੀ ਵਿਸਾਖੀ ਦਾ ਦਿਹਾੜਾ ਚੁਣਿਆ ਗਿਆ। ਉਹਨਾਂ ਨੇ ਇਸ ਇਤਹਾਸਕ ਦਿਨ ‘ਤੇ ਕੂਕਾ ਲਹਿਰ ਦੀ ਸਥਾਪਨਾ ਕੀਤੀ। ਇਸ ਲਹਿਰ ਦਾ ਵੀ ਮੁੱਖ ਉਦੇਸ਼ ਅੰਗਰੇਜ਼ ਸਾਮਰਾਜੀਆਂ ਨੂੰ ਦੇਸ਼ ਵਿਚੋਂ ਕੱਢ ਕੇ ਆਜ਼ਾਦੀ ਪ੍ਰਾਪਤ ਕਰਨਾ ਸੀ।
ਇਸ ਲਹਿਰ ‘ਸੰਤ ਖਾਲਸਾ’ ਅਤੇ ‘ਨਾਮਧਾਰੀ’ ਦੇ ਨਾਂਵਾਂ ਨਾਲ ਵੀ ਜਾਣਿਆ ਜਾਣ ਲੱਗ ਪਿਆ। ਇਸ ਲਹਿਰ ਨੇ ਵੀ ਲੋਕ ਮਨਾਂ ਅੰਦਰੋਂ ਵਹਿਮਾਂ ਭਰਮਾਂ ਵਿਰੁੱਧ, ਬੁੱਤ ਪੂਜਾ ਤੇ ਮੜੀਆਂ ਮਸਾਣਾਂ ‘ਤੇ ਮੱਥਾ ਟੇਕਣ ਵਿਰੁੱਧ, ਨਸ਼ਾਖੋਰੀ ਤੇ ਜਾਤਪਾਤ ਵਿਰੁੱਧ, ਮਾਤ ਭਾਸ਼ਾ ਵਿਚ ਪੜ੍ਹਾਈ ਕਰਨ ਦੇ ਹੱਕ ਵਿਚ, ਆਪਸੀ ਝਗੜੇ ਆਪਸ ‘ਚ ਬੈਠ ਕੇ ਨਿਪਟਾਣ ਦੇ ਹੱਕ ਵਿਚ, ਵਿਦੇਸ਼ੀ ਵਸਤਾਂ ਦਾ ਬਾਈਕਾਟ ਕਰਨ ਤੇ ਦੇਸੀ ਵਸਤਰ ਪਹਿਨਣ ਦੇ ਹੱਕ ਵਿਚ, ਕੁੜੀਆਂ ਮਾਰਨ ਤੇ ਬਾਲ ਵਿਆਹ ਵਿਰੁੱਧ ਅਤੇ ਪੰਜਾਬੀ ਸਭਿਆਚਾਰ ਦੀ ਰਾਖੀ ਲਈ ਅਤੇ ਵਿਧਵਾ ਵਿਆਹ ਦੇ ਹੱਕ ਵਿਚ ਜ਼ੋਰਦਾਰ ਪ੍ਰਚਾਰ ਕੀਤਾ। ਇਸ ਲਹਿਰ ਦੇ ਮੈਂਬਰਾਂ ਵਲੋਂ ਕੀਤੀਆਂ ਗਈਆਂ ਕੁਰਬਾਨੀਆਂ, ਸ਼ਹੀਦੀਆਂ ਦੇ ਸਾਕੇ ਪੰਜਾਬ ਦੇ ਇਤਿਹਾਸ ਵਿਚ ਕਦੀ ਨਾ ਭੁਲਾਏ ਜਾਣ ਵਾਲੇ ਗੌਰਵਮਈ ਕਾਂਡ ਬਣ ਚੁੱਕੇ ਹਨ। ਕੂਕਿਆਂ ਨੇ ਆਪਣੀ ਲਹਿਰ ਦੇ ਉਦੇਸ਼ਾਂ ਦੀ ਪੂਰਤੀ ਹਿੱਤ ਨਜ਼ਰਬੰਦੀਆਂ, ਜੇਲ੍ਹਾਂ, ਫਾਂਸੀਆਂ ਤੇ ਹੋਰ ਹਰ ਤਰ੍ਹਾਂ ਦੇ ਤਸੀਹੇ ਹੱਸ ਕੇ ਝੱਲੇ। ਇਹ ਲਹਿਰ ਵੀ ਅੰਗਰੇਜ਼ ਸਾਮਰਾਜ ਲਈ ਖਤਰਾ ਬਣ ਗਈ ਸੀ। ਇਸ ਲਹਿਰ ਨੇ ਵੀ ਰਾਜਨੀਤਕ, ਸਮਾਜਕ ਤੇ ਧਾਰਮਕ ਖੇਤਰ ਵਿਚ ਉਸਾਰੂ ਹਿੱਸਾ ਪਾਇਆ।
ਜਲ੍ਹਿਆਂਵਾਲੇ ਬਾਗ ਦਾ ਖ਼ੂਨੀ ਸਾਕਾ
13 ਅਪ੍ਰੈਲ 1919 ਦੇ ਵਿਸਾਖੀ ਦੇ ਦਿਨ ਹੀ ਅੰਮ੍ਰਿਤਸਰ ਵਿਚ ਜਲ੍ਹਿਆਂ ਵਾਲੇ ਬਾਗ ਵਿਚ ਅੰਗਰੇਜ਼ੀ ਸਾਮਰਾਜ ਵਲੋਂ ਆਜ਼ਾਦੀ ਅੰਦੋਲਨ ਨੂੰ ਕੁਚਲਣ ਵਾਸਤੇ ‘ਰੋਲਟ ਐਕਟ’ ਕਾਨੂੰਨ ਬਣਾਇਆ ਗਿਆ ਸੀ। ਇਸ ਕਾਨੂੰਨ ਅਨੁਸਾਰ ਲੋਕਾਂ ਨੂੰ ਕੋਈ ਵੀ ਸਮਾਜਕ ਜਾਂ ਧਾਰਮਕ ਕਾਰਜ ਕਰਨ ਲਈ ਜੁੜ ਬੈਠਣ, ਬੋਲਣ ਅਤੇ ਤੁਰਨ-ਫਿਰਨ ਲਈ ਸਰਕਾਰ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਬਣਾ ਦਿੱਤੀ ਗਈ ਸੀ। ਲੋਕਾਂ ਅੰਦਰ ਇਹਨਾਂ ਅਪਮਾਨ ਭਰੀਆਂ ਬੰਦਸ਼ਾਂ ਵਿਰੁੱਧ ਰੋਹ ਭੜਕਣਾ ਲਾਜ਼ਮੀ ਸੀ ਅਤੇ ਇਸ ਦਾ ਪ੍ਰਗਟਾਅ ਦੇਸ਼ ਵਿਚ ਥਾਂ ਥਾਂ ਰੋਲਟ ਐਕਟ ਵਿਰੁੱਧ ਹੜਤਾਲਾਂ ਕਰਨ ਦੇ ਰੂਪ ਵਿਚ ਹੋਇਆ। ਇਸ ਕਾਲੇ ਕਾਨੂੰਨ ਦਾ ਵਿਰੋਧ ਕਰਨ ਵਾਸਤੇ ਲੋਕ ਜਲ੍ਹਿਆਂਵਾਲੇ ਬਾਗ ਵਿਖੇ ਇਕੱਠੇ ਹੋਏ। ਜਨਰਲ ਡਾਇਰ ਵੀ ਆਪਣੇ ਨਾਲ ਸਿਪਾਹੀ ਅਤੇ ਮਸ਼ੀਨ ਗੰਨਾਂ ਵਾਲੀਆਂ ਗੱਡੀਆਂ ਲੈ ਕੇ ਜਲ੍ਹਿਆਂਵਾਲੇ ਬਾਗ ਪੁੱਜ ਗਿਆ। ਸ਼ਾਂਤਮਈ ਜਲਸੇ ਵਿਚ 6000 ਦੇ ਲਗਭਗ ਇਕੱਠ ਉਪਰ ਡਾਇਰ ਨੇ ਇਸ ਬਾਗ ਦੇ ਇਕੋ-ਇਕ ਰਾਹ ‘ਤੇ ਮਸ਼ੀਨ ਗੰਨਾਂ ਬੀੜ ਕੇ ਗੋਲੀਆਂ ਦਾ ਮੀਂਹ ਵਰਸਾ ਦਿੱਤਾ, ਜਿਸ ਵਿਚ ਸੈਂਕੜੇ ਲੋਕ ਸ਼ਹੀਦ ਹੋ ਗਏ ਅਤੇ ਹੋਰ ਅਨੇਕਾਂ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਬਾਗ ਵਿਚ ਲਾਸ਼ਾਂ ਦੇ ਢੇਰ ਤੇ ਖੂਨ ਦੇ ਛੱਪੜ ਲੱਗ ਗਏ। ਇਸ ਖੂਨੀ ਸਾਕੇ ਕਾਰਨ ਹੀ 13 ਅਪ੍ਰੈਲ 1919 ਦੀ ਵਿਸਾਖੀ ਨੂੰ ਖੂਨੀ ਵਿਸਾਖੀ ਵੀ ਆਖਿਆ ਜਾਂਦਾ ਹੈ।
ਸਾਡੇ ਇਤਿਹਾਸ ਨੂੰ ਪ੍ਰਭਾਵਿਤ ਕਰਨ ਵਾਲੀਆਂ ਇਹ ਘਟਨਾਵਾਂ ਸਾਡੇ ਲਈ ਪ੍ਰੇਰਨਾ ਸਰੋਤ ਬਣਦੀਆਂ ਹਨ। ਇਹਨਾਂ ਇਤਿਹਾਸਕ ਦਿਹਾੜਿਆਂ ਸਮੇਂ ਦਰਸਾਏ ਗਏ ਸਿਧਾਂਤ ਅਤੇ ਅਮਲ ਨੂੰ ਮੌਜੂਦਾ ਹਾਲਤਾਂ ਵਿਚ ਸਮਝਣ ਦੀ ਜ਼ਰੂਰਤ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਨੂੰ ਤਿਆਗ ਕੇ ਗੁਰੂਆਂ ਦੇ ਦਰਸਾਏ ਰਾਹ ‘ਤੇ ਚੱਲਣ ਦੀ ਪ੍ਰੇਰਣਾ ਲੈਣੀ ਚਾਹੀਦੀ ਹੈ।
ਪੰਜਾਬ ਦਾ ਹਰ ਵੱਡਾ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ : ਹੁਣ ਵੱਡੀਆਂ ਖਬਰਾਂ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਆਪਣਾ ਨਾਂ, ਉਮਰ ਅਤੇ ਪੂਰਾ ਅਡਰੈੱਸ ਲਿਖ ਕੇ ਸਾਨੂੰ ਵਟਸਐਪ ਮੈਸੇਜ ਭੇਜੋ। ਤੁਹਾਡੇ ਮੋਬਾਇਲ ‘ਤੇ ਆਵੇਗੀ ਪਲ-ਪਲ ਦੀ ਅਪਡੇਟ ਖਬਰ।