ਸਟੇਜ ‘ਤੇ ਫੋਟੋ ਕਰਵਾਉਣ ਲਈ ਸ਼ਗਨ ਨਾਲ ਭਰਿਆ ਬੈਗ ਕੁਰਸੀ ‘ਤੇ ਰੱਖਿਆ, ਪਲਾਂ ‘ਚ ਗਾਇਬ, ਦਰੋਣਾ ਗਾਰਡਨ ‘ਚ ਸਮਾਰੋਹ ਦੌਰਾਨ ਵਾਪਰੀ ਘਟਨਾ

ਜਲੰਧਰ | ਵਿਆਹਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਇਕ ਵਾਰ ਫਿਰ ਬੱਚਿਆਂ ਤੋਂ ਚੋਰੀ ਕਰਵਾਉਣ ਵਾਲਾ ਗਿਰੋਹ ਸਰਗਰਮ ਹੋ ਗਿਆ ਹੈ। ਇਹ ਗਿਰੋਹ ਮਾਸੂਮ ਬੱਚਿਆਂ ਨੂੰ ਚੰਗੇ ਕੱਪੜੇ ਪਾ ਕੇ ਵਿਆਹ ਸਮਾਗਮ ‘ਚ ਭੇਜਦਾ ਹੈ ਤੇ ਫਿਰ ਉਨ੍ਹਾਂ ਕੋਲੋਂ ਗਹਿਣੇ ਜਾਂ ਹੋਰ ਸਾਮਾਨ ਚੋਰੀ ਕਰਵਾਉਂਦਾ ਹੈ।

ਅਜਿਹਾ ਹੀ ਇਕ ਮਾਮਲਾ ਜਲੰਧਰ-ਕਪੂਰਥਲਾ ਹਾਈਵੇਅ ‘ਤੇ ਸਥਿਤ ਦਰੋਣਾ ਗਾਰਡਨ ‘ਚ ਸਾਹਮਣੇ ਆਇਆ ਹੈ, ਜਿੱਥੇ ਇਕ ਹੋਟਲ ਸੰਚਾਲਕ ਦੀ ਬੇਟੀ ਦੇ ਵਿਆਹ ਸਮਾਗਮ ਦੌਰਾਨ ਸੂਟ-ਬੂਟ ਪਹਿਨੇ ਇਕ 11-12 ਸਾਲ ਦੇ ਬੱਚੇ ਨੇ ਲੜਕੀ ਦੇ ਪਿਤਾ ਦਾ ਸ਼ਗਨਾਂ ਨਾਲ ਭਰਿਆ ਬੈਗ ਚੋਰੀ ਕਰ ਲਿਆ।

ਬੈਗ ਵਿੱਚ ਕਰੀਬ ਡੇਢ ਲੱਖ ਰੁਪਏ ਸਨ। ਘਟਨਾ ਤੋਂ ਬਾਅਦ ਮੈਰਿਜ ਹਾਲ ‘ਚ ਹੰਗਾਮਾ ਹੋ ਗਿਆ। ਦੇਰ ਰਾਤ ਸੂਚਨਾ ਮਿਲਣ ਦੇ 20 ਮਿੰਟਾਂ ਬਾਅਦ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।

ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਲੜਕੀ ਦੇ ਪਿਤਾ ਹੋਟਲ ਸੰਚਾਲਕ ਗੁਲਸ਼ਨ ਵਾਸੀ ਗੋਪਾਲ ਨਗਰ ਨੇ ਦੱਸਿਆ ਕਿ ਸ਼ਨੀਵਾਰ ਰਾਤ ਉਨ੍ਹਾਂ ਦੀ ਲੜਕੀ ਦਾ ਵਿਆਹ ਸੀ, ਜਿਸ ਦਾ ਸਮਾਗਮ ਦਰੋਣਾ ਗਾਰਡਨ ਰਿਜ਼ੋਰਟ ਵਿਖੇ ਰੱਖਿਆ ਗਿਆ ਸੀ।

ਦੇਰ ਰਾਤ ਕਰੀਬ 12 ਵਜੇ ਜਦੋਂ ਸਾਰੇ ਮਹਿਮਾਨ ਲੜਕੀ ਨਾਲ ਸਟੇਜ ‘ਤੇ ਫੋਟੋ ਕਰਵਾਉਣ ਲੱਗੇ ਤਾਂ ਉਹ ਵੀ ਸਟੇਜ ‘ਤੇ ਪਹੁੰਚ ਗਏ। ਇਸ ਦੌਰਾਨ ਉਹ ਸ਼ਗਨ ਦੇ ਪੈਸਿਆਂ ਨਾਲ ਭਰਿਆ ਬੈਗ ਕੁਰਸੀ ‘ਤੇ ਹੀ ਛੱਡ ਗਏ।

ਸਟੇਜ ’ਤੇ ਪਹੁੰਚ ਕੇ ਜਦੋਂ ਉਨ੍ਹਾਂ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਬੈਗ ਕੁਰਸੀ ’ਤੇ ਪਿਆ ਸੀ ਪਰ ਜਦੋਂ ਉਨ੍ਹਾਂ ਦੂਜੀ ਵਾਰ ਦੇਖਿਆ ਤਾਂ ਬੈਗ ਨਜ਼ਰ ਨਹੀਂ ਆਇਆ। ਸੀਸੀਟੀਵੀ ਜਾਂਚ ਵਿੱਚ ਬੱਚਾ ਰਾਤ 12.08 ਵਜੇ ਬੈਗ ਚੁੱਕਦਾ ਦਿਖਾਈ ਦੇ ਰਿਹਾ ਹੈ ਤੇ 12:29 ਵਜੇ ਉਹ ਫਰਾਰ ਹੋ ਗਿਆ।

ਘਟਨਾ ‘ਚ ਇਕ ਹੋਰ ਵਿਅਕਤੀ ਦੇ ਸ਼ਾਮਿਲ ਹੋਣ ਦਾ ਸ਼ੱਕ

ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਨਾਬਾਲਗ ਨਾਲ ਇਕ ਹੋਰ ਵਿਅਕਤੀ ਮੌਜੂਦ ਸੀ, ਜੋ ਸੜਕ ਦੇ ਦੂਜੇ ਪਾਸੇ ਖੜ੍ਹਾ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਐੱਸਐੱਚਓ ਅਵਤਾਰ ਸਿੰਘ ਨੇ ਕਿਹਾ ਕਿ ਆਰੋਪੀਆਂ ਦੀ ਪਛਾਣ ਕਰਕੇ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ