ਚੰਡੀਗੜ੍ਹ ‘ਚ ਅਨੋਖ਼ੀ ਲੁੱਟ : ਕੜਾਕੇ ਦੀ ਠੰਡ ‘ਚ ਨੌਜਵਾਨ ਦੀ ਜੈਕੇਟ ਖੋਹ ਕੇ ਭੱਜੇ 3 ਲੁਟੇਰੇ

0
355

ਚੰਡੀਗੜ੍ਹ, 7 ਜਨਵਰੀ | ਇਥੋਂ ਇਕ ਅਨੋਖੀ ਲੁੱਟ ਦੀ ਖਬਰ ਸਾਹਮਣੇ ਆਈ ਹੈ। ਡਿਊਟੀ ਤੋਂ ਘਰ ਪਰਤ ਰਹੇ ਨੌਜਵਾਨ ਤੋਂ ਬਾਈਕ ਸਵਾਰ 3 ਨੌਜਵਾਨ ਸਾਰੰਗਪੁਰ ਲਾਈਟ ਪੁਆਇੰਟ ਨੇੜਿਓਂ ਜੈਕੇਟ ਖੋਹ ਕੇ ਫ਼ਰਾਰ ਹੋ ਗਏ। ਧਨਾਸ ਦੇ ਰਹਿਣ ਵਾਲੇ ਮਨੀਸ਼ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਸਾਰੰਗਪੁਰ ਥਾਣਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਅਤੇ ਅਣਪਛਾਤੇ ਬਾਈਕ ਸਵਾਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਲੁਟੇਰਿਆਂ ਦੀ ਪਛਾਣ ਕਰਨ ਲਈ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰ ਰਹੀ ਹੈ।

ਧਨਾਸ ਦੇ ਵਸਨੀਕ ਮਨੀਸ਼ ਨੇ ਦੱਸਿਆ ਕਿ ਉਹ ਸੈਕਟਰ-17 ਪਲਾਜ਼ਾ ਵਿਚ ਸਥਿਤ ਇਕ ਦੁਕਾਨ ਵਿਚ ਹੈਲਪਰ ਵਜੋਂ ਕੰਮ ਕਰਦਾ ਹੈ। ਉਹ ਰਾਤੀਂ ਦੁਕਾਨ ਬੰਦ ਹੋਣ ਤੋਂ ਬਾਅਦ ਆਟੋ ਰਾਹੀਂ ਧਨਾਸ ਵਿਖੇ ਘਰ ਪਰਤ ਰਿਹਾ ਸੀ। ਧਨਾਸ ਲਾਈਟ ਪੁਆਇੰਟ ’ਤੇ ਆਟੋ ਤੋਂ ਉਤਰ ਕੇ ਘਰ ਵੱਲ ਨੂੰ ਤੁਰ ਪਿਆ। ਦੇਰ ਰਾਤ ਇਕ ਨੌਜਵਾਨ ਉਸ ਕੋਲ ਆਇਆ। ਉਸ ਨੇ ਉਸ ਦੀ ਜੈਕੇਟ ਖੋਹ ਲਈ ਅਤੇ ਪਿੱਛੇ ਬਾਈਕ ’ਤੇ ਖੜ੍ਹੇ ਆਪਣੇ 2 ਸਾਥੀਆਂ ਨਾਲ ਫਰਾਰ ਹੋ ਗਿਆ। ਜਦੋਂ ਉਸ ਨੇ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਜੈਕਟ ਦੀ ਜੇਬ ਵਿਚ ਮੋਬਾਇਲ ਵੀ ਨਾਲ ਲੈ ਗਏ। ਘਰ ਪਹੁੰਚਣ ’ਤੇ ਉਸਨੇ ਲੁੱਟ-ਖੋਹ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸਾਰੰਗਪੁਰ ਥਾਣਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦੀ ਜਾਂਚ ਕਰਕੇ ਬਾਈਕ ਸਵਾਰਾਂ ’ਤੇ ਮਾਮਲਾ ਦਰਜ ਕੀਤਾ ਹੈ।