ਜਲੰਧਰ, 2 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿਚ ਰਹਿੰਦੇ 20 ਸਾਲ ਦੇ ਨੌਜਵਾਨ ਦੀ ਚਿੱਟੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਘਰ ਵਿਚੋਂ ਜਦੋਂ ਬਦਬੂ ਆਉਂਦੀ ਮਹਿਸੂਸ ਕੀਤੀ ਤਾਂ ਬਾਹਰ ਲੱਗਾ ਤਾਲਾ ਤੋੜ ਕੇ ਅੰਦਰ ਜਾ ਕੇ ਵੇਖਿਆ ਤਾਂ ਉਥੇ ਨੌਜਵਾਨ ਦੀ ਲਾਸ਼ ਪਈ ਹੋਈ ਸੀ।

ਮ੍ਰਿਤਕ ਦੀ ਪਛਾਣ ਮਨੂ ਲੁਬਾਣਾ ਪੁੱਤਰ ਨਿਰਮਲ ਸਿੰਘ ਲੁਬਾਣਾ ਨਿਵਾਸੀ ਸ਼ਹੀਦ ਬਾਬਾ ਦੀਪ ਸਿੰਘ ਨਗਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮਨੂ ਦੀ ਮਾਂ ਕਿਰਾਏ ’ਤੇ ਰਹਿੰਦੀ ਹੈ। ਕੁਝ ਸਮੇਂ ਤੋਂ ਉਹ ਆਪਣੇ ਪਰਿਵਾਰ ਤੋਂ ਵੱਖ ਰਹਿ ਰਹੀ ਹੈ, ਜਦਕਿ ਇਸੇ ਦੁੱਖ ਕਾਰਨ ਮਨੂ ਦੇ ਪਿਤਾ ਨਿਰਮਲ ਸਿੰਘ ਦੀ 6 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਦੋਂ ਤੋਂ ਮਨੂ ਵੀ ਪ੍ਰੇਸ਼ਾਨ ਰਹਿਣ ਲੱਗਾ ਅਤੇ ਇਕੱਲਾ ਹੀ ਘਰ ਵਿਚ ਰਹਿੰਦਾ ਸੀ।

ਦੱਸਿਆ ਜਾ ਰਿਹਾ ਹੈ ਕਿ ਸੋਸਾਇਟੀ ਗਲਤ ਹੋਣ ਕਾਰਨ ਮਨੂ ਚਿੱਟੇ ਦਾ ਸੇਵਨ ਕਰਨ ਲੱਗਾ। ਕਈ ਵਾਰ ਪੁਲਿਸ ਵੀ ਉਸ ਨੂੰ ਚਿਤਾਵਨੀ ਦੇ ਕੇ ਛੱਡ ਚੁੱਕੀ ਹੈ। ਕੁਝ ਦਿਨਾਂ ਤੋਂ ਆਲੇ-ਦੁਆਲੇ ਦੇ ਲੋਕਾਂ ਨੇ ਮਨੂ ਨੂੰ ਵੇਖਿਆ ਵੀ ਨਹੀਂ ਸੀ। ਲਾਸ਼ ਦੇ ਆਲੇ-ਦੁਆਲੇ ਕੋਲਡ ਡ੍ਰਿੰਕ ਅਤੇ ਜੂਸ ਦੀਆਂ ਖ਼ਾਲੀ ਬੋਤਲਾਂ ਪਈਆਂ ਸਨ। ਮਨੂ ਨੇ ਜਿਸ ਹੱਥ ਦੇ ਉਲਟੇ ਹਿੱਸੇ ਦੀ ਨਸ ’ਤੇ ਟੀਕਾ ਲਾਉਣਾ ਸੀ, ਉਹ ਟੀਕਾ ਨਸ ਦੀ ਸਾਈਡ ’ਤੇ ਲੱਗ ਗਿਆ ਸੀ, ਜਿਥੋਂ ਉਸ ਦਾ ਹੱਥ ਵੀ ਫੁੱਲ ਚੁੱਕਾ ਸੀ। ਦੂਜੇ ਪਾਸੇ ਥਾਣਾ ਨੰਬਰ 8 ਦੇ ਇੰਚਾਰਜ ਪ੍ਰਦੀਪ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਉਨ੍ਹਾਂ ਕਿਸੇ ਤਰ੍ਹਾਂ ਦੀ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਹੈ।