ਨਵੀਂ ਦਿੱਲੀ, 11 ਫਰਵਰੀ | ਅੰਡਰ-19 ਵਿਸ਼ਵ ਕੱਪ ਵਿਚ ਅੱਜ ਫਾਈਨਲ ਮੈਚ ਵਿਚ ਆਸਟ੍ਰੇਲੀਆ ਨੇ ਟਾਸ ਜਿੱਤ ਲਿਆ ਹੈ ਤੇ ਭਾਰਤ ਗੇਂਦਬਾਜ਼ੀ ਕਰੇਗਾ। ਜਿੱਤ ‘ਤੇ ਟੀਮ ਇੰਡੀਆ ਦੀ ਨਜ਼ਰ ਰਹੇਗੀ। ਭਾਰਤ ਅਤੇ ਆਸਟ੍ਰੇਲੀਆ ਤੀਜੀ ਵਾਰ ਟੂਰਨਾਮੈਂਟ ਦੇ ਫਾਈਨਲ ਵਿਚ ਆਹਮੋ-ਸਾਹਮਣੇ ਹੋਣਗੇ। ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਦੋ ਵਾਰ ਅੰਡਰ-19 ਵਿਸ਼ਵ ਕੱਪ ਦਾ ਫਾਈਨਲ ਖੇਡਿਆ ਗਿਆ ਅਤੇ ਦੋਵਾਂ ਮੌਕਿਆਂ ‘ਤੇ ਟੀਮ ਇੰਡੀਆ ਨੇ ਬਾਜ਼ੀ ਮਾਰੀ। ਅੰਡਰ-19 ਵਿਸ਼ਵ ਕੱਪ 2018 ਦੇ ਫਾਈਨਲ ਵਿਚ ਭਾਰਤ ਨੇ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਜਦੋਂਕਿ 2012 ਵਿਚ ਭਾਰਤ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਸੀ।

ਯੂਥ ਵਨ ਡੇ ਦੇ ਹੈੱਡ-ਟੂ-ਹੈੱਡ ਵਿਚ ਭਾਰਤ ਦਾ ਪ੍ਰਦਰਸ਼ਨ ਆਸਟ੍ਰੇਲੀਆ ਨਾਲੋਂ ਬਿਹਤਰ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 37 ਵਨਡੇ ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਭਾਰਤ ਨੇ 23 ਮੈਚ ਜਿੱਤੇ, ਜਦਕਿ ਆਸਟ੍ਰੇਲੀਆ ਨੇ 14 ਮੈਚ ਜਿੱਤੇ ਹਨ। ਅੰਡਰ-19 ਵਨਡੇ ਵਿਸ਼ਵ ਕੱਪ ਵਿਚ ਦੋਵੇਂ ਟੀਮਾਂ 8 ਵਾਰ ਆਹਮੋ-ਸਾਹਮਣੇ ਹੋਈਆਂ ਹਨ। ਇਸ ਵਿਚ ਵੀ ਭਾਰਤ ਦਾ ਦਬਦਬਾ ਰਿਹਾ।

ਦੱਸ ਦਈਏ ਕਿ ਭਾਰਤੀ ਟੀਮ ਇਸ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਹੈ। ਟੀਮ ਨੇ 5 ਖਿਤਾਬ ਜਿੱਤੇ ਹਨ। ਇਸ ਵਾਰ ਵੀ ਟੀਮ ਦਾ ਸਫ਼ਰ ਸ਼ਾਨਦਾਰ ਰਿਹਾ। ਟੀਮ ਨੇ ਆਪਣੇ ਸਾਰੇ ਮੈਚ ਜਿੱਤੇ ਹਨ। ਉਥੇ ਹੀ ਆਸਟ੍ਰੇਲੀਆ ਦੂਜੀ ਸਭ ਤੋਂ ਸਫਲ ਟੀਮ ਹੈ। ਟੀਮ ਨੇ ਤਿੰਨ ਖ਼ਿਤਾਬ ਜਿੱਤੇ ਹਨ।