ਸ਼ਾਹਕੋਟ | ਵੀਰਵਾਰ ਰਾਤ ਮਲਸੀਆਂ-ਨਕੋਦਰ ਹਾਈਵੇ ‘ਤੇ ਸੰਤ ਵਰਿਆਮ ਸਿੰਘ ਦਹੀਆ ਮੈਮੋਰੀਅਲ ਗਲੋਬਲ ਹਸਪਤਾਲ ਦੇ ਨਜ਼ਦੀਕ ਦੋ ਮੋਟਰਸਾਈਕਲਾਂ ਦੀ ਟੱਕਰ ਹੋ ਗਈ, ਜਿਸ ਨਾਲ ਇੱਕ ਮੋਟਰਸਾਈਕਲ ‘ਤੇ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਦੂਸਰੇ ਮੋਟਰਸਾਈਕਲ ‘ਤੇ ਸਵਾਰ ਇਕ ਬੱਚੇ ਤੇ ਔਰਤ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ।

ਕਪੂਰਥਲਾ ਦੇ ਪਿੰਡ ਲਾਟੀਆਂਵਾਲ ਨਿਵਾਸੀ ਦੇ 2 ਨੌਜਵਾਨ ਕੇਟੀਐੱਮ ਮੋਟਰਸਾਈਕਲ ‘ਤੇ ਨਕੋਦਰ ਤੋਂ ਮਲਸੀਆਂ ਵੱਲ ਆ ਰਹੇ ਸਨ, ਜਦੋਂ ਉਹ ਹਸਪਤਾਲ ਨੇੜੇ ਪਹੁੰਚੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਅੱਗੇ ਜਾ ਰਹੇ ਸਪਲੈਂਡਰ ਮੋਟਰਸਾਈਕਲ ਨਾਲ ਟਕਰਾ ਗਿਆ।

ਟੱਕਰ ਇੰਨੀ ਭਿਆਨਕ ਸੀ ਕਿ ਕੇਟੀਐੱਮ ਮੋਟਰਸਾਈਕਲ ਸਵਾਰ ਦੋਵਾਂ ਨੌਜਵਾਨਾਂ ਦੇ ਸਿਰ ਧੜ ਤੋਂ ਅਲੱਗ ਹੋ ਗਏ। ਮ੍ਰਿਤਕਾਂ ਦੀ ਪਛਾਣ 17 ਸਾਲਾ ਜਸਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਅਤੇ 17 ਸਾਲਾ ਹਰਦੀਪ ਸਿੰਘ ਪੁੱਤਰ ਚਰਨ ਸਿੰਘ ਵਜੋਂ ਹੋਈ।

ਹਾਦਸੇ ਦੌਰਾਨ ਸਪਲੈਂਡਰ ਸਵਾਰ ਸਰਾਏ ਖਾਸ ਨਿਵਾਸੀ ਦਲਬੀਰ ਸਿੰਘ ਪਤਨੀ ਬਲਦੀਸ਼ ਕੌਰ ਤੇ ਉਨ੍ਹਾਂ ਦਾ ਬੇਟਾ ਪ੍ਰਿਤਪਾਲ ਗੰਭੀਰ ਜ਼ਖਮੀ ਹੋ ਗਏ, ਜਦਕਿ ਇੱਕ ਸਾਲ ਦਾ ਬੱਚਾ ਵਾਲ-ਵਾਲ ਬਚ ਗਿਆ। ਦਲਬੀਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤਿੰਨਾਂ ਜ਼ਖਮੀਆਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਮੌਕੇ ‘ਤੇ ਪਹੁੰਚੇ ਏਐੱਸਆਈ ਹਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।