ਲੁਧਿਆਣਾ . ਮੰਗਲਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਇਸ ਵਾਰ ਮੈਰਿਟ ਲਿਸਟ ਤਾਂ ਨਹੀਂ ਜਾਰੀ ਕੀਤੀ ਗਈ ਪਰ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਸੀਨੀਅਰ ਸੈਕੰਡਰੀ ਮੈਮੋਰੀਅਲ ਸਕੂਲ ਵਿਦਿਆਰਥੀਆਂ ਨੇ ਇਸ ਵਾਰ ਬਾਜ਼ੀ ਮਾਰੀ ਹੈ।
ਦੱਸ ਦਈਏ ਕਿ ਇਸ ਸਕੂਲ ਦੇ ਤਿੰਨ ਮੁੰਡੇ ਅੱਵਲ ਰਹੇ ਹਨ। ਸਕੂਲ ਦੇ ਕਾਮਰਸ ਸਟ੍ਰੀਮ ਦੇ ਦਵਿੰਦਰ ਸਿੰਘ ਨੇ 450 ਵਿੱਚੋਂ 449 ਅੰਕ ਹਾਸਲ ਕੀਤੇ ਹਨ ਜਦਕਿ ਕਾਮਰਸ ਵਿੱਚ ਹੀ ਜਸਵਿੰਦਰ ਸਿੰਘ ਨੇ 446 ਨੰਬਰ ਹਾਸਲ ਕੀਤੇ ਹਨ। ਉਧਰ ਸਾਇੰਸ ਸਟ੍ਰੀਮ ਵਿੱਚ ਅੰਕੁਰ ਪਾਂਡੇ ਨੇ 450 ਵਿੱਚੋਂ 447 ਅੰਕ ਹਾਸਲ ਕੀਤੇ ਹਨ।
ਤਿੰਨਾਂ ਟੌਪਰਜ਼ ਨੇ ਆਪਣੀ ਮਿਹਨਤ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਸਕੂਲ ਦੇ ਅਧਿਆਪਕ ਪ੍ਰਿੰਸੀਪਲ ਡਾਇਰੈਕਟਰ ਦੀ ਸਖ਼ਤ ਮਿਹਨਤ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਾਥ ਕਰਕੇ ਹੀ ਉਨ੍ਹਾਂ ਨੇ ਇਹ ਅੰਕ ਹਾਸਲ ਕੀਤੇ ਹਨ। ਇਸ ਦੇ ਨਾਲ ਹੀ ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਭਵਿੱਖ ਬਾਰੇ ਯੋਜਨਾਵਾਂ ਏਬੀਪੀ ਸਾਂਝਾ ਨਿਊਜ਼ ਨਾਲ ਸਾਂਝੀਆਂ ਕੀਤੀਆਂ। ਵੱਡੀ ਗੱਲ ਇਹ ਰਹੀ ਕਿ ਇਸ ਵਾਰ ਸਕੂਲ ਵਿੱਚ ਤਿੰਨੇ ਹੀ ਮੁੰਡਿਆਂ ਨੇ ਟਾਪ ਕੀਤਾ ਹੈ।
ਉੱਥੇ ਹੀ ਸਕੂਲ ਦੇ ਡਾਇਰੈਕਟਰ ਗੁਰਬਚਨ ਸਿੰਘ ਗਰੇਵਾਲ ਨੇ ਦੱਸਿਆ ਕਿ ਬੀਤੇ ਸਾਲ 12ਵੀਂ ਦੇ ਨਤੀਜਿਆਂ ਨਾਲ ਉਨ੍ਹਾਂ ਨੇ ਆਪਣੇ ਹੀ ਰਿਕਾਰਡ ਨੂੰ ਇਸ ਵਾਰ ਤੋੜ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ‘ਚ ਸਕੂਲ ਪ੍ਰਿੰਸੀਪਲ ਦੀ ਸਖ਼ਤ ਮਿਹਨਤ ਤੇ ਅਧਿਆਪਕਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਵੀ ਵਧਾਈ ਦਿੱਤੀ।
ਇਸ ਦੇ ਸਕੂਲ ਦੇ ਡਾਇਰੈਕਟਰ ਨੇ ਨਾਲ ਹੀ ਇਹ ਵੀ ਮਲਾਲ ਜਤਾਇਆ ਕਿ ਬੋਰਡ ਨੂੰ ਇਸ ਵਾਰ ਮੈਰਿਟ ਲਿਸਟ ਕੱਢਣੀ ਚਾਹੀਦੀ ਸੀ ਪਰ ਨਹੀਂ ਕੱਢੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਹਰ ਸਾਲ ਸਖ਼ਤ ਮਿਹਨਤ ਤੋਂ ਬਾਅਦ ਨਤੀਜਿਆਂ ਦੀ ਉਡੀਕ ਹੁੰਦੀ ਹੈ ਪਰ ਇਸ ਸਾਲ ਮੈਰਿਟ ਲਿਸਟ ਨਾ ਕੱਢਣ ਕਰਕੇ ਵਿਦਿਆਰਥੀਆਂ ‘ਚ ਕਾਫ਼ੀ ਨਿਰਾਸ਼ਾ ਹੈ।
ਪ੍ਰਾਪਤੀ : 12 ਵੀਂ ਕਲਾਸ ‘ਚੋਂ 449 ਅੰਕ ਲੈ ਕੇ ਲੁਧਿਆਣਾ ਦੇ ਦੋ ਮੁੰਡਿਆਂ ਨੇ ਮਾਰੀ ਬਾਜ਼ੀ
Related Post