ਅੰਮ੍ਰਿਤਸਰ। ਕੈਨੇਡਾ ‘ਚ ਰੋਜ਼ੀ ਰੋਟੀ ਕਮਾਉਣ ਗਏ ਅੰਮ੍ਰਿਤਸਰ , ਛੇਹਰਟਾ ਦੇ ਰਹਿਣ ਵਾਲੇ ਨੌਜਵਾਨ ਤਰਨਵੀਰ ਸਿੰਘ ਦੀ ਕੈਨੇਡਾ ‘ਚ ਭੇਦਭਰੇ ਹਾਲਾਤ ਚ ਮੌਤ ਹੋ ਗਈ। ਜਿਸ ਤੋਂ ਬਾਅਦ ਇਸ ਖਬਰ ਬਾਰੇ ਤਰਨਵੀਰ ਦੇ ਘਰ ਪਤਾ ਲੱਗਦੇ ਹੀ ਪਰਿਵਾਰ ‘ਚ ਗਮਗੀਨ ਮਾਹੌਲ ਹੈ। ਤਰਨਵੀਰ ਦੀ ਮਾਤਾ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰ ਨੇ ਤਰਨਵੀਰ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਤਰਨਵੀਰ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਖਬਰ ਫੋਨ ‘ਤੇ ਮਿਲੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ।
ਜਿਸ ਨੂੰ ਲੈਕੇ ਉਨ੍ਹਾਂ ਫਿਰ ਕੈਨੇਡਾ ਫੋਨ ਕੀਤਾ ਅਤੇ ਪਤਾ ਲੱਗਾ ਕਿ ਰਾਤ ਨੂੰ ਆ ਕੇ ਉਹ ਸੁੱਤਾ ਅਤੇ ਸਵੇਰੇ ਉਸ ਦੇ ਮੂੰਹ ਵਿਚੋਂ ਬਲੀਡਿੰਗ ਹੋ ਰਹੀ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੈਨਡਾ ਦੀ ਪੁਲਿਸ ਦਾ ਫੋਨ ਵੀ ਆਇਆ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਉਥੇ ਹੀ ਪਰਿਵਾਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਰੁਜ਼ਗਾਰ ਦਿੱਤਾ ਜਾਵੇ ਤਾਂ ਜੋ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਨਾ ਹੀ ਜਾਣ।