ਹਰਿਆਣਾ, 14 ਨਵੰਬਰ | ਪਾਣੀਪਤ ਸ਼ਹਿਰ ‘ਚ ਵੀਰਵਾਰ ਨੂੰ ਇਕ ਟਰੱਕ ਨੇ ਐਲੀਵੇਟਿਡ ਹਾਈਵੇ ‘ਤੇ ਗਲਤ ਸਾਈਡ ‘ਤੇ ਚੜ੍ਹ ਕੇ ਮੌਤ ਦਾ ਤਾਂਡਵ ਮਚਾ ਦਿੱਤਾ। ਬੇਕਾਬੂ ਟਰੱਕ ਨੇ 3 ਵੱਖ-ਵੱਖ ਥਾਵਾਂ ‘ਤੇ ਇਕ ਤੋਂ ਬਾਅਦ ਇਕ 6 ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਇੱਕ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪੁੱਜੀ ਅਤੇ ਕੁਝ ਦੂਰੀ ’ਤੇ ਹੀ ਟਰੱਕ ਚਾਲਕ ਨੂੰ ਕਾਬੂ ਕਰ ਲਿਆ। ਹੁਣ ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਨਾਲ ਹੀ ਹਾਈਵੇ ‘ਤੇ ਪਈਆਂ ਲਾਸ਼ਾਂ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਉਥੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਪੁਲਿਸ ਦੇ ਜਾਂਚ ਅਧਿਕਾਰੀ ਏਐਸਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਇੱਕ ਟਰੱਕ ਨੇ ਕਈ ਥਾਵਾਂ ’ਤੇ ਲੋਕਾਂ ਨੂੰ ਟੱਕਰ ਮਾਰ ਦਿੱਤੀ ਹੈ। ਇਸ ਵਿਚ ਕੁਝ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਇਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ।

ਲੋਕ ਪਹਿਲਾਂ ਹੀ ਉਸ ਟਰੱਕ ਦਾ ਪਿੱਛਾ ਕਰ ਰਹੇ ਸਨ, ਜਿਸ ਨੇ ਐਕਸੀਡੈਂਟ ਕੀਤੇ ਸਨ। ਅਸੀਂ ਲੋਕਾਂ ਦੀ ਮਦਦ ਨਾਲ ਹੀ ਦੋਸ਼ੀ ਟਰੱਕ ਡਰਾਈਵਰ ਨੂੰ ਫੜ ਲਿਆ। ਹੁਣ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਪਰ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੇ ਕਿਹੜਾ ਨਸ਼ਾ ਕੀਤਾ ਸੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)