ਜੈਪੁਰ | ਰਾਜਸਥਾਨ ਦੇ ਜੈਪੁਰ ਜ਼ਿਲ੍ਹੇ ਦੇ ਇਲਾਕਾ ਚਾਕਸੂ ’ਚ ਸ਼ਨੀਵਾਰ ਸਵੇਰੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ 6 ਵਿਦਿਆਰਥੀਆਂ ਦੀ ਮੌਤ ਹੋ ਗਈ ਤੇ 5 ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਜੈਪੁਰ ਦੇ ਸਵਾਈ ਮਾਨਸਿੰਘ ਤੇ ਮਹਾਤਮਾ ਗਾਂਧੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਵੈਨ ਵਿੱਚ ਸਵਾਰ 11 ਵਿਦਿਆਰਥੀ ‘REAN’ ਦੀ ਪ੍ਰੀਖਿਆ ਦੇਣ ਲਈ ਬਾਰਨ ਤੋਂ ਸੀਕਰ ਜਾ ਰਹੇ ਸਨ। ਰਸਤੇ ਵਿੱਚ ਸ਼ਨੀਵਾਰ ਸਵੇਰੇ ਐੱਨਐੱਚ-12 ਨਿਮੋਦੀਆ ਮੋੜ ਨੇੜੇ ਇਨ੍ਹਾਂ ਦੀ ਈਕੋ ਵੈਨ ਬੇਕਾਬੂ ਹੋ ਕੇ ਇਕ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਵੈਨ ‘ਚ ਸਵਾਰ 6 ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 5 ਹੋਰ ਜ਼ਖਮੀ ਹੋ ਗਏ।

ਇਹ ਦੁਰਘਟਨਾ ਸ਼ਨੀਵਾਰ ਸਵੇਰੇ 5.30 ਵਜੇ ਵਾਪਰੀ। ਸਾਰੇ ਮ੍ਰਿਤਕ ਅਤੇ ਜ਼ਖ਼ਮੀ ਬਾਰਾਂ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇਨ੍ਹਾਂ ਦਾ ਪ੍ਰੀਖਿਆ ਸੈਂਟਰ ਸੀਕਰ ਜ਼ਿਲ੍ਹੇ ’ਚ ਸੀ। ਲਾਸ਼ਾਂ ਕੋਲੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ’ਤੇ ਮ੍ਰਿਤਕਾਂ ਦੀ ਪਛਾਣ ਬਾਰਾਂ ਜ਼ਿਲ੍ਹੇ ਦੇ ਗੋਵਰਧਨਪੁਰਾ ਤੇ ਨਯਾਪੁਰਾ ਪਿੰਡ ਦੇ ਵਾਸੀਆਂ ਦੇ ਰੂਪ ’ਚ ਹੋਈ ਹੈ।

ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਵੈਨ ਟਰੱਕ ਦੇ ਹੇਠਾਂ ਜਾ ਵੜੀ। ਵੈਨ ਦੀ ਛੱਤ ਪੂਰੀ ਤਰ੍ਹਾਂ ਟੁੱਟ ਹੋ ਗਈ, ਜਿਸ ਕਾਰਨ ਵੈਨ ’ਚ ਬੈਠੇ ਨੌਜਵਾਨ ਬੁਰੀ ਤਰ੍ਹਾਂ ਫਸ ਗਏ। ਪਿੰਡ ਵਾਸੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲਿਸ ਦੀ ਟੀਮ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ। ਵੈਨ ਦੀ ਛੱਤ ਤੇ ਦਰਵਾਜ਼ੇ ਨੂੰ ਕੱਟਿਆ ਗਿਆ। ਕ੍ਰੇਨ ਦੀ ਮਦਦ ਨਾਲ ਵੈਨ ਨੂੰ ਟਰਾਲੇ ਦੇ ਹੇਠੋਂ ਬਾਹਰ ਕੱਢਿਆ ਗਿਆ।

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ, ”ਜੈਪੁਰ ਵਿੱਚ ਵਾਪਰੇ ਸੜਕ ਹਾਦਸੇ ‘ਚ 6 ਵਿਦਿਆਰਥੀਆਂ ਦੀ ਮੌਤ ਦੁਖਦਾਈ ਹੈ। ਮੈਂ ਪ੍ਰਮਾਤਮਾ ਅੱਗੇ ਸਾਰੀਆਂ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕਰਦਾ ਹਾਂ। ਮ੍ਰਿਤਕਾਂ ਦੇ ਵਾਰਿਸਾਂ ਨੂੰ 2-2 ਲੱਖ ਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਮੁੱਖ ਮੰਤਰੀ ਰਾਹਤ ਫੰਡ ‘ਚੋਂ ਦਿੱਤੇ ਜਾਣਗੇ।”