ਬਠਿੰਡਾ, 3 ਦਸੰਬਰ | ਇਥੋਂ ਦੇ ਬਾਬਾ ਦੀਪ ਨਗਰ ਪਟਿਆਲਾ ਰੇਲਵੇ ਫਾਟਕ ਨੇੜੇ ਰੇਲ ਗੱਡੀ ਦੇ ਇੰਜਣ ਦੀ ਲਪੇਟ ‘ਚ ਆਉਣ ਨਾਲ 29 ਸਾਲ ਦੇ ਪਿਤਾ ਅਤੇ 3 ਸਾਲ ਦੇ ਪੁੱਤਰ ਦੀ ਮੌਤ ਹੋ ਗਈ। ਦੋਵੇਂ ਲਾਈਨ ਪਾਰ ਕਰ ਰਹੇ ਸਨ ਕਿ ਅਚਾਨਕ ਇੰਜਣ ਨਾਲ ਟਕਰਾ ਗਏ। ਇਹ ਘਟਨਾ ਸ਼ੁੱਕਰਵਾਰ ਰਾਤ ਦੀ ਦੱਸੀ ਜਾ ਰਹੀ ਹੈ।

ਸਹਾਰਾ ਜਨਸੇਵਾ ਦੀ ਹੈਲਪਲਾਈਨ ‘ਤੇ ਸੂਚਨਾ ਮਿਲੀ ਸੀ ਕਿ ਬਾਬਾ ਦੀਪ ਸਿੰਘ ਨਗਰ ਤੋਂ ਲੰਘਦੀ ਰੇਲਵੇ ਲਾਈਨ ‘ਤੇ ਰੇਲ ਗੱਡੀ ਦੇ ਇੰਜਣ ਦੀ ਲਪੇਟ ‘ਚ ਆ ਕੇ ਇਕ ਨੌਜਵਾਨ ਅਤੇ ਬੱਚਾ ਜ਼ਖਮੀ ਹੋ ਗਏ ਹਨ। ਜਦੋਂ ਸੰਸਥਾ ਦੇ ਵਰਕਰ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਨੌਜਵਾਨ ਮਨੀ ਦੀ ਮੌਤ ਹੋ ਚੁੱਕੀ ਸੀ, ਉਸ ਦਾ 3 ਸਾਲ ਦਾ ਪੁੱਤਰ ਕਯਾਸ਼ ਕੁਮਾਰ ਜ਼ਖਮੀ ਹਾਲਤ ‘ਚ ਉਥੇ ਹੀ ਤੜਫ ਰਿਹਾ ਸੀ। ਉਸ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲੈ ਗਏ।

ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਏਮਜ਼ ਰੈਫਰ ਕਰ ਦਿੱਤਾ। ਜਾਂਚ ਅਧਿਕਾਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਦੇ ਸਹੁਰੇ ਦੇ ਬਿਆਨਾਂ ਦੇ ਆਧਾਰ ‘ਤੇ ਉਕਤ ਮਾਮਲੇ ‘ਚ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਨੌਜਵਾਨ ਮਨੀ ਪ੍ਰਾਈਵੇਟ ਨੌਕਰੀ ਕਰਦਾ ਸੀ, ਉਸ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।