1

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬੇ ਵਿੱਚ ਖੰਡ ਦੀ ਕੋਈ ਘਾਟ ਨਹੀਂ ਹੈ ਅਤੇ ਪੰਜਾਬ ਸਰਕਾਰ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਇਸ ਦੇ ਭੰਡਾਰ, ਵਿਕਰੀ ਅਤੇ ਸਪਲਾਈ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਜ਼ਰੂਰੀ ਵਸਤੂ ਦੀ ਢੁਕਵੀਂ ਉਪਲਬਧਤਾ ਯਕੀਨੀ ਬਣਾਈ ਜਾਵੇ ਅਤੇ ਬਣਾਵਟੀ ਘਾਟ ਪੈਦਾ ਕਰਨ ਜਾਂ ਜ਼ਖੀਰੇਬਾਜ਼ੀ ਕਰਨ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਕੋਲ ਪਹਿਲਾਂ ਹੀ ਖੰਡ ਦਾ ਢੁਕਵਾਂ ਸਟਾਕ ਮੌਜੂਦ ਹੈ ਅਤੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਸਮੇਂ ਲੋੜੀਂਦਾ ਸਟਾਕ ਬਰਕਰਾਰ ਰਹੇ। ਖੰਡ ਹਰ ਘਰ ਲਈ ਇੱਕ ਜ਼ਰੂਰੀ ਵਸਤੂ ਹੈ ਅਤੇ ਇਸ ਦੀ ਉਪਲਬਧਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।”

2

ਬਿਜਲੀ ਖ਼ਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ, CM ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਰਾਹਤ ਦਾ ਐਲਾਨ ਕੀਤਾ ਗਿਆ ਹੈ, ਤਾਂ ਜੋ ਕੋਈ ਵੀ ਯੋਗ ਖ਼ਪਤਕਾਰ ਆਰਜ਼ੀ, ਗਲਤ ਜਾਂ ਵੱਧ ਕੇ ਆਏ ਬਿੱਲਾਂ ਕਾਰਨ 300 ਯੂਨਿਟ ਮੁਫ਼ਤ ਬਿਜਲੀ ਦੇ ਲਾਭ ਤੋਂ ਵਾਂਝਾ ਨਾ ਰਹੇ।

ਇਸ ਸਬੰਧੀ ਐਲਾਨ ਕਰਦਿਆਂ ਪੰਜਾਬ ਦੇ ਬਿਜਲੀ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੀਟਰ ਰੀਡਰਾਂ ਦੀ ਹੜਤਾਲ ਦੌਰਾਨ ਆਰਜ਼ੀ ਬਿਲਿੰਗ ਤੋਂ ਪ੍ਰਭਾਵਿਤ 63,702 ਖ਼ਪਤਕਾਰਾਂ ਲਈ ਮੁਫ਼ਤ ਬਿਜਲੀ ਦਾ ਲਾਭ ਜਾਰੀ ਰਹੇਗਾ, ਜਦੋਂ ਕਿ ਵੱਧ ਕੇ ਆਏ ਬਿੱਲਾਂ ਸਬੰਧੀ ਹਰ ਜਾਇਜ਼ ਮਾਮਲੇ ਦਾ ਦੋ ਹਫ਼ਤਿਆਂ ਦੇ ਅੰਦਰ ਹੱਲ ਕਰ ਦਿੱਤਾ ਜਾਵੇਗਾ। ਇਸ ਸਬੰਧੀ ਇੱਕ ਸਮਰਪਿਤ ਹੈਲਪਲਾਈਨ ਵੀ ਜਲਦੀ ਜਾਰੀ ਕੀਤੀ ਜਾਵੇਗੀ।

3

ਗੁਰਮੀਤ ਰਾਮ ਰਹੀਮ ਨੂੰ ਮੁੜ 21 ਦਿਨਾਂ ਦੀ ਪੈਰੋਲ ਮਿਲਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਐਡਵੋਕੇਟ ਧਾਮੀ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਦੋਹਰਾ ਅਤੇ ਪੱਖਪਾਤੀ ਰਵੱਈਆ ਕਰਾਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਅਤੇ ਫਰਲੋ ਦਿੱਤੀ ਜਾ ਰਹੀ ਹੈ, ਜਦਕਿ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਲਈ ਵੀ ਪੈਰੋਲ ਨਹੀਂ ਦਿੱਤੀ ਜਾਂਦੀ। ਉਨ੍ਹਾਂ ਸਰਕਾਰਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਕਾਨੂੰਨ ਅਤੇ ਨਿਆਂ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ।

ਐਡਵੋਕੇਟ ਧਾਮੀ ਨੇ ਮੰਗ ਕੀਤੀ ਕਿ ਸਰਕਾਰਾਂ ਨੂੰ ਅਜਿਹੇ ਦੋਹਰੇ ਮਾਪਦੰਡ ਖ਼ਤਮ ਕਰਕੇ ਹਰ ਕੈਦੀ ਨਾਲ ਕਾਨੂੰਨ ਅਨੁਸਾਰ ਇਕਸਾਰ ਵਿਵਹਾਰ ਕਰਨਾ ਚਾਹੀਦਾ ਹੈ।

4

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੱਲ੍ਹ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ। ਉਹ ਕੇਸਰੀ ਪੱਗ ਬੰਨ੍ਹ ਕੇ ਗੁਰੂ ਘਰ ਪਹੁੰਚੇ।

ਆਪਣੇ ਉੱਤੇ ਹੋਏ ਹਮਲੇ ਤੋਂ ਬਾਅਦ ਸ਼ੁਕਰਾਨਾ ਕਰਨ ਪਹੁੰਚੇ ਸੁਖਬੀਰ ਬਾਦਲ ਨੇ ਤਖ਼ਤ ਸਾਹਿਬ ਵਿਖੇ ਪੰਜਾਬ ਦੀ ਅਮਨ-ਸ਼ਾਂਤੀ, ਭਾਈਚਾਰੇ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਉਨ੍ਹਾਂ ਆਪਣੀ ਸਲਾਮਤੀ ਲਈ ਅਰਦਾਸ ਕਰਨ ਵਾਲੀਆਂ ਸੰਗਤਾਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ।

ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਉਨ੍ਹਾਂ ਸਾਰੀਆਂ ਸੰਗਤਾਂ ਦੇ ਰਿਣੀ ਹਨ, ਜਿਨ੍ਹਾਂ ਨੇ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਲਈ ਅਰਦਾਸ ਕੀਤੀ ਅਤੇ ਉਨ੍ਹਾਂ ਦੇ ਨਾਲ ਖੜ੍ਹੇ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਅਜਿਹੇ ਦੌਰ ਵਿੱਚੋਂ ਲੰਘ ਰਿਹਾ ਹੈ, ਜਿੱਥੇ ਸਾਰੇ ਪੰਜਾਬੀਆਂ ਨੂੰ ਇਕਜੁੱਟ ਹੋ ਕੇ ਸੂਬੇ ਨੂੰ ਬਚਾਉਣ ਲਈ ਅੱਗੇ ਆਉਣਾ ਪਵੇਗਾ।

5

ਬਸਪਾ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਨੇ ਕਿਹਾ ਕਿ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਬਿਨਾਂ ਕਿਸੇ ਗੱਠਜੋੜ ਦੇ ਇਕੱਲਿਆਂ ਆਪਣੇ ਜ਼ੋਰ ’ਤੇ ਲੜੇਗੀ। ਚਾਰ ਵਾਰ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਰਹੀ ਮਾਇਆਵਤੀ ਨੇ ਪਾਰਟੀ ਦੇ ਕੇਂਦਰੀ ਕੈਂਪ ਦਫ਼ਤਰ ਵਿੱਚ ਸੱਦੀ ਗਈ ਬੈਠਕ ਵਿੱਚ ਇਹ ਗੱਲ ਕਹੀ।

ਬਸਪਾ ਵੱਲੋਂ ਜਾਰੀ ਬਿਆਨ ਅਨੁਸਾਰ, ਮਾਇਆਵਤੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਾਂਗ ਬਿਨਾਂ ਕਿਸੇ ਨਾਲ ਗੱਠਜੋੜ ਕੀਤੇ ਇਕੱਲਿਆਂ ਲੜੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ 9 ਅਕਤੂਬਰ ਨੂੰ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਦੇ ਬਰਸੀ ਪ੍ਰੋਗਰਾਮ ਨੂੰ ਪੂਰੀ ਤਿਆਰੀ ਨਾਲ ਸਫਲ ਬਣਾਉਣਾ ਹੈ ਅਤੇ 15 ਜਨਵਰੀ, 2027 ਨੂੰ ‘ਜਨਕਲਿਆਣਕਾਰੀ ਦਿਵਸ’ ਦੇ ਮੌਕੇ ਆਰਥਿਕ ਸਹਿਯੋਗ ਨੂੰ ਪਿਛਲੀ ਵਾਰ ਨਾਲੋਂ ਬਿਹਤਰ ਕਰਨਾ ਹੈ, ਕਿਉਂਕਿ ਇਹ ਅੰਬੇਡਕਰਵਾਦੀ ਅੰਦੋਲਨ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਹੈ।

6

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜੋ ਕਿ ਮੁਲਾਜ਼ਮਾਂ ਦੇ ਮਸਲਿਆਂ ਦੇ ਹੱਲ ਲਈ ਗਠਿਤ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਅੱਜ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਠੇਕਾ ਆਧਾਰਿਤ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਪ੍ਰਤੀ ਟੀਕਾਕਰਨ ਸੈਸ਼ਨ 525 ਰੁਪਏ ਦਾ ਵਿਸ਼ੇਸ਼ ਪ੍ਰੋਤਸਾਹਨ ਭੱਤਾ ਦੇਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਮੁਲਾਜ਼ਮਾਂ ਦੇ ਮਸਲਿਆਂ ਦੇ ਹੱਲ ਲਈ ਕੈਬਨਿਟ ਸਬ-ਕਮੇਟੀ ਦੀਆਂ ਲੜੀਵਾਰ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਵਿੱਤ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਦੀਆਂ ਜਾਇਜ਼ ਮੰਗਾਂ, ਸੇਵਾਵਾਂ ਨੂੰ ਰੈਗੂਲਰ ਕਰਨ ਅਤੇ ਭਲਾਈ ਨਾਲ ਜੁੜੇ ਮੁੱਦਿਆਂ ਨੂੰ ਜਲਦ ਹੱਲ ਕਰਨ ਦੇ ਹੁਕਮ ਦਿੱਤੇ।

7

ਦੇਸ਼ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਦਾ ਦੌਰ ਜਾਰੀ ਹੈ। 25 ਅਗਸਤ ਨੂੰ ਸੋਨੇ ਦੀ ਕੀਮਤ ਨੇ ਪਿਛਲੇ ਲਗਭਗ ਪੰਜ ਮਹੀਨਿਆਂ ਦਾ ਉੱਚਾ ਪੱਧਰ ਛੂਹ ਲਿਆ। ਹਾਲਾਂਕਿ, ਦਿਨ ਦੇ ਵੱਖ-ਵੱਖ ਸਮੇਂ ਅਤੇ ਬਾਜ਼ਾਰਾਂ ਵਿੱਚ ਕੀਮਤਾਂ ਵਿੱਚ ਫ਼ਰਕ ਦੇਖਣ ਨੂੰ ਮਿਲ ਰਿਹਾ ਹੈ।

ਆਲ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਹਵਾਲੇ ਨਾਲ ਸਾਹਮਣੇ ਆਏ ਅੰਕੜਿਆਂ ਮੁਤਾਬਕ 99.9 ਫ਼ੀਸਦੀ ਸ਼ੁੱਧਤਾ ਵਾਲਾ ਸੋਨਾ ₹1,64,400 ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਇਹ ਕਰੀਬ ₹1,63,500 ਸੀ।

ਦੂਜੇ ਪਾਸੇ, ਬਾਜ਼ਾਰ ਦੇ ਮੌਜੂਦਾ ਅੰਕੜਿਆਂ ਮੁਤਾਬਕ 25 ਅਗਸਤ ਨੂੰ ਸੋਨੇ ਅਤੇ ਚਾਂਦੀ ਵਿੱਚ ਦਿਨ ਦੌਰਾਨ ਉਤਾਰ-ਚੜ੍ਹਾਅ ਵੀ ਦੇਖਿਆ ਗਿਆ। MCX ’ਤੇ ਸੋਨਾ ਲਗਭਗ ₹1,63,640 ਪ੍ਰਤੀ 10 ਗ੍ਰਾਮ ਅਤੇ ਚਾਂਦੀ ਲਗਭਗ ₹2,43,730 ਪ੍ਰਤੀ ਕਿਲੋਗ੍ਰਾਮ ਦੇ ਪੱਧਰ ’ਤੇ ਕਾਰੋਬਾਰ ਕਰ ਰਹੀ ਸੀ।