ਮੋਹਾਲੀ, 9 ਦਸੰਬਰ । ਅੱਜ CIA ਸਟਾਫ਼ ਨੇ ਨਾਕਾਬੰਦੀ ਦੌਰਾਨ ਜਾਅਲੀ ਵੀ.ਆਈ.ਪੀ. ਬਣ ਕੇ ਘੁੰਮ ਰਹੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਖਿਲਾਫ਼ ਥਾਣਾ ਸਿਟੀ ਵਿਚ ਮਾਮਲਾ ਦਰਜ ਕਰਕੇ ਲੋੜੀਂਦੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।

ਦੱਸ ਦਈਏ ਕਿ ਪੁਲਿਸ ਪਾਰਟੀ ਵੱਲੋਂ ਫਰਜ਼ੀ ਵੀ.ਆਈ.ਪੀ. ਬਣੇ ਵਿਅਕਤੀ ਨੂੰ ਫਾਰਚੂਨਰ ਗੱਡੀ, ਪਾਇਲਟ ਜਿਪਸੀ, ਬਿਨਾਂ ਇਜਾਜ਼ਤ ਲਗਾਏ ਹੂਟਰ ਅਤੇ ਲਾਲ-ਨੀਲੀ ਪੀ.ਸੀ.ਆਰ. ਬੱਤੀ ਸਣੇ ਕਾਬੂ ਕੀਤਾ ਹੈ। ਕਾਬੂ ਕੀਤੇ ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਧੂਰੀ ਸੰਗਰੂਰ ਵਜੋਂ ਹੋਈ ਹੈ, ਜੋ ਫਿਲਹਾਲ ਓਰਾ ਐਵੀਨਿਊ ਮੋਰਿੰਡਾ ਰੋਡ ਖਰੜ ਦੇ ਇਕ ਫਲੈਟ ਵਿਚ ਰਹਿ ਰਿਹਾ ਹੈ।

ਉਸ ਵੱਲੋਂ ਖਰੜ ਦੀ ਨਿਊ ਸੰਨੀ ਐਨਕਲੇਵ ਅੰਦਰ ਇਕ ਮੈਰਿਜ ਬਿਊਰੋ ਦਾ ਦਫ਼ਤਰ ਚਲਾਉਣ ਸਬੰਧੀ ਦੱਸਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਉਹ ਮੋਹਾਲੀ ਵੱਲੋਂ ਫਾਰਚੂਨਰ ਗੱਡੀ ’ਤੇ ਆਇਆ ਸੀ, ਜਦੋਂ ਕਿ ਉਸ ਦੀ ਗੱਡੀ ਅੱਗੇ ਇਕ ਪਾਇਲਟ ਜਿਪਸੀ ਡਰਾਈਵਰ ਚਲਾ ਰਿਹਾ ਸੀ, ਜਿਸ ਵਿਚ 4 ਵਿਅਕਤੀ ਸਕਿਓਰਿਟੀ ਡਰੈੱਸ ਕੋਡ ਵਿਚ ਹਨ, ਜਿਨ੍ਹਾਂ ਦੀ ਵਰਦੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਨਾਲ ਮਿਲਦੀ-ਜੁਲਦੀ ਸੀ ਤੇ ਉਹ ਲੋਕਾਂ ਦੇ ਵ੍ਹੀਕਲ ਸਾਈਡ ’ਤੇ ਕਰਵਾਉਂਦੇ ਹੋਏ ਮੋਹਾਲੀ ਤੋਂ ਖਰੜ ਵੱਲ ਆਏ।

ਨਾਕੇਬੰਦੀ ਦੌਰਾਨ ਜਦੋਂ ਫਾਰਚੂਨਰ ਗੱਡੀ ਵਿਚ ਬੈਠੇ ਹੋਏ ਵਿਅਕਤੀ ਤੋਂ ਪੁੱਛਗਿੱਛ ਕੀਤੀ ਤਾਂ ਉਹ ਜਾਅਲੀ ਵੀ.ਆਈ.ਪੀ. ਨਿਕਲਿਆ। ਪੁਲਿਸ ਨੇ ਜਿਪਸੀ ਦੇ ਡਰਾਈਵਰ ਰਵਿੰਦਰ ਸਿੰਘ ਵਾਸੀ ਖਰੜ ਨੂੰ ਵੀ ਨਾਮਜ਼ਦ ਕੀਤਾ ਹੈ। ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਅਮਲ ’ਚ ਲਿਆਉਣ ਪਿੱਛੋਂ ਮੌਕੇ ’ਤੇ ਹੀ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।