ਸਾਬਕਾ ਸਰਪੰਚ ਦਲਬੀਰ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਵੀ ਸ਼ਾਮਲ ਸਨ ਦੌ ਦੋਸ਼ੀ

ਚੰਡੀਗੜ੍ਹ. ਪੰਜਾਬ ਪੁਲਿਸ ਨੇ ਧਾਰੀਵਾਲ ਕਤਲਕਾਂਡ ਦਾ ਮਾਮਲਾ ਸੁਲਝਾ ਲਿਆ ਹੈ। ਇਹ ਕਤਲਕਾਂਡ 10 ਫਰਵਰੀ, 2020 ਨੂੰ ਗੁਰਦਾਸਪੁਰ ਜ਼ਿਲ੍ਹੇੇ ਦੇ ਧਾਰੀਵਾਲ ਖੇਤਰ ਵਿੱਚ ਹੋਇਆ ਸੀ। ਜਿੱਥੇ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਅਸ਼ੋਕ ਕੁਮਾਰ ਦਾ ਕਤਲ ਕੀਤਾ ਸੀ।

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਦੋਸ਼ੀਆਂ ਨੂੰ 27 ਮਾਰਚ ਵਾਲੇ ਦਿਨ ਪੁਲਿਸ ਥਾਣਾ ਸ਼ਾਹਪੁਰ ਕੰਢੀ, ਜ਼ਿਲ੍ਹਾ ਪਠਾਨਕੋਟ ਦੀ ਇੱਕ ਟੀਮ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਸ਼ੀਆਂ ਦੀ ਪਛਾਣ ਜਗਮੀਤ ਸਿੰਘ ਉਰਫ਼ ਮੀਤ ਵਾਸੀ ਪੱਬਾਰਾਲੀ ਕਲਾਂ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ, ਲਵਪ੍ਰੀਤ ਸਿੰਘ ਉਰਫ਼ ਲਵ ਵਾਸੀ ਝਾਂਜਿਆਂ ਖੁਰਦ ਫਤਿਹਗੜ੍ਹ ਚੂੜੀਆਂ ਗੁਰਦਾਸਪੁਰ ਅਤੇ ਰਾਜਿੰਦਰ ਸਿੰਘ ਉਰਫ ਨਿੱਕੂ ਵਾਸੀ ਗੁੰਨੋਪੁਰ ਪੁਲਿਸ ਥਾਣਾ ਭੈਣੀ ਮੀਆਂ ਖਾਂ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।

ਦੋਸ਼ੀਆਂ ਕੋਲੋਂ ਪਿਸਤੋਲਾਂ ਤੇ ਜਿੰਦਾ ਕਾਰਤੂਸ ਬਰਾਮਦ

ਦੋਸ਼ੀਆਂ ਪਾਸੋਂ ਇਕ 9 ਐਮ.ਐਮ. ਪਿਸਤੌਲ ਨਾਲ ਦੋ ਮੈਗਜ਼ੀਨਾਂ ਅਤੇ 21 ਜ਼ਿੰਦਾ ਕਾਰਤੂਸ ਅਤੇ ਇਕ 30 ਬੋਰ ਪਿਸਤੌਲ ਸਮੇਤ 18 ਜ਼ਿੰਦਾ ਕਾਰਤੂਸ ਬਰਾਮਦ  ਕੀਤੇ ਗਏ ਹਨ, ਜਿਸ ਲਈ ਇਕ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਡੀਜੀਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਕਠੁ ਨੰਗਲ ਅਤੇ ਦਸੂਹਾ ਤੋਂ ਇੱਕ ਆਈ-20 ਕਾਰ ਅਤੇ ਇੱਕ ਮੋਟਰਸਾਈਕਲ ਖੋਹਣ ਦੇ ਮਾਮਲੇ ਵਿੱਚ ਵੀ ਸ਼ਾਮਲ ਪਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਜਗਮੀਤ ਸਿੰਘ ਅਤੇ ਲਵਪ੍ਰੀਤ ਸਿੰਘ ਪਿੰਡ ਢਿੱਲਵਾਂ, ਜ਼ਿਲ੍ਹਾ ਬਟਾਲਾ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਦੇ ਕਤਲ ਕੇਸ ਵਿੱਚ ਵੀ ਲੋੜੀਂਦੇ ਸਨ।

ਦੱਸਣਯੋਗ ਹੈ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਅਸ਼ੋਕ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਜਦਕਿ ਸ਼ਿਵ ਸੈਨਾ ਆਗੂ ਹਨੀ ਮਹਾਜਨ ਗੰਭੀਰ ਜਖ਼ਮੀ ਹੋ ਗਿਆ ਸੀ। ਥਾਣਾ ਧਾਰੀਵਾਲ ਵਿਖੇ ਆਈਪੀਸੀ ਦੀ ਧਾਰਾ 302, 307, 34 ਅਤੇ  ਆਰਮਜ਼ ਐਕਟ ਦੀ ਧਾਰਾ 25 ਤਹਿਤ ਅਪਰਾਧਕ ਮਾਮਲਾ ਦਰਜ ਕੀਤਾ ਗਿਆ ਸੀ।

ਡੀਜੀਪੀ ਨੇ ਕੀਤਾ ਖੁਲਾਸਾ ਕਿਵੇਂ ਰਚੀ ਗਈ ਸੀ ਕਤਲਕਾਂਡ ਦੀ ਸਾਜਿਸ਼

ਡੀਜੀਪੀ ਅਨੁਸਾਰ, ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹਮਲੇ ਦਾ ਕੰਟਰੈਕਟ ਖ਼ਤਰਨਾਕ ਗੈਂਗਸਟਰ ਸੁਖਮੀਤ ਪਾਲ ਸਿੰਘ ਉਰਫ ਸੁਖ ਭਿਖਾਰਿਵਾਲ ਪੁੱਤਰ ਸੁਲੱਖਣ ਸਿੰਘ ਵਾਸੀ ਭਿਖਾਰਿਵਾਲ ਪੁਲਿਸ ਥਾਣਾ ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ ਵੱਲੋਂ  ਦਿੱਤਾ ਗਿਆ ਸੀ। ਸੁਖ ਭਿਖਾਰਿਵਾਲ ਧਾਰੀਵਾਲ ਖੇਤਰ ਵਿਚ ਸ਼ਰਾਬ ਦੇ ਕਾਰੋਬਾਰ ਨੂੰ ਕੰਟਰੋਲ ਕਰਨਾ ਚਾਹੁੰਦਾ ਸੀ ਅਤੇ ਉਸਨੂੰ ਡਰ ਸੀ ਕਿ ਹਨੀ ਮਹਾਜਨ ਉਸਦੀਆਂ ਯੋਜਨਾਵਾਂ ਵਿਚ ਰੁਕਾਵਟ ਪਾ ਸਕਦਾ ਹੈ।ਇਸ ਲਈ ਉਹ ਹਨੀ ਮਹਾਜਨ ਨੂੰ ਖਤਮ ਕਰਨਾ ਚਾਹੁੰਦਾ ਸੀ, ਜਦੋਂ ਕਿ ਅਸ਼ੋਕ ਕੁਮਾਰ ਅਣਜਾਣੇ ਵਿੱਚ ਮਾਰਿਆ ਗਿਆ ਜੋ ਹਮਲੇ ਦੇ ਸਮੇਂ ਮਹਾਜਨ ਦੇ ਨਾਲ ਸੀ।

ਡੀਜੀਪੀ ਨੇ ਦੱਸਿਆ ਕਿ ਸੁਖ ਭਿਖਾਰਿਵਾਲ ਨੇ ਇਹ ਕੰਟਰੈਕਟ ਮਨਦੀਪ ਸਿੰਘ ਉਰਫ ਦੀਪ ਅਤੇ ਹਰਜਿੰਦਰ ਸਿੰਘ ਉਰਫ ਜਿੰਦਾ ਨੂੰ ਦਿੱਤਾ ਸੀ ਜਿਨ੍ਹਾਂ ਨੇ ਫਿਰ ਜਗਮੀਤ ਸਿੰਘ, ਲਵਪ੍ਰੀਤ ਸਿੰਘ ਅਤੇ ਰਾਜਿੰਦਰ ਸਿੰਘ ਉਰਫ਼ ਨਿੱਕੂ ਨੂੰ ਇਹ ਜ਼ੁਰਮ ਕਰਨ ਲਈ ਕਿਹਾ।

ਜਾਂਚ ਵਿਚ ਅੱਗੇ ਇਹ ਗੱਲ ਸਾਹਮਣੇ ਆਈ ਹੈ ਕਿ ਧਾਰੀਵਾਲ ਦੀ ਘਟਨਾ ਵਾਲੇ ਦਿਨ ਮੁਲਜ਼ਮਾਂ ਨੇ ਗੁਰਦਾਸਪੁਰ ਵਿਚ ਕਿਰਾਏ ਦੇ ਮਕਾਨ ਤੋਂ ਸ਼ੁਰੂ ਕੀਤਾ, ਜਿਸਦਾ ਪ੍ਰਬੰਧ ਰਜਿੰਦਰ ਸਿੰਘ ਉਰਫ ਨਿੱਕੂ ਨੇ ਕੀਤਾ ਸੀ। ਚਿੱਟੀ ਸਵਿਫਟ ਕਾਰ ਅਤੇ ਹਥਿਆਰਾਂ ਦਾ ਪ੍ਰਬੰਧ ਹਰਜਿੰਦਰ ਸਿੰਘ ਨੇ ਕੀਤਾ ਸੀ। ਘਟਨਾ ਵਾਲੀ ਥਾਂ ‘ਤੇ ਪਹੁੰਚਣ’ ਤੇ ਲਵਪ੍ਰੀਤ ਸਿੰਘ ਅਤੇ ਜਗਮੀਤ ਸਿੰਘ ਨੇ ਹਨੀ ਮਹਾਜਨ ਅਤੇ ਅਸ਼ੋਕ ਕੁਮਾਰ ਦੋਹਾਂ ‘ਤੇ ਗੋਲੀਆਂ ਚਲਾਈਆਂ।  

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।