ਨਵੀਂ ਦਿੱਲੀ| ਸਰਕਾਰ ਨੇ ਇੰਸਟਾਗ੍ਰਾਮ ਉਤੇ ਰੀਲਾਂ ਬਣਾਉਣ ਵਾਲਿਆਂ ਉਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਤੁਸੀਂ ਵੀ ਰੀਲਾਂ ਬਣਾਉਣ ਦਾ ਸ਼ੌਂਕ ਰੱਖਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਰੀਲਾਂ ਬਣਾਉਣ ਸਮੇਂ ਜੇਕਰ ਤੁਸਾਂ ਗਲ਼ਤੀ ਨਾਲ ਵੀ ਕਾਨੂੰਨ ਤੋੜਦੇ ਹੋ ਤਾਂ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਇਸਦੇ ਨਾਲ ਹੀ ਭਾਰੀ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਰੀਲ ਬਣਾਉਣ ਵੇਲੇ ਕਿੱਥੇ ਮੰਨੀ ਜਾਵੇਗੀ ਕਾਨੂੰਨ ਦੀ ਉਲੰਘਣਾ।
ਕਈ ਵਾਰ ਦੇਖਿਆ ਗਿਆ ਹੈ ਕਿ ਇੰਸਟਾ ਯੂਜ਼ਰਜ਼ ਰੇਲਵੇ ਟਰੈਕ ਉਤੇ ਸਟੰਟ ਕਰਦੇ ਹੋਏ ਰੀਲਾਂ ਬਣਾਉਂਦੇ ਹਨ। ਇਸ ਕਿਸਮ ਦੇ ਸਟੰਟ ਬਹੁਤ ਖਤਰਨਾਕ ਹੁੰਦੇ ਹਨ, ਜਿਸ ਵਿਚ ਤੁਸੀਂ ਆਪਣੀ ਜਾਨ ਤੇ ਹਜ਼ਾਰਾਂ ਲੋਕਾਂ ਦੀ ਜਾਨ ਨੂੰ ਜੋਖਿਮ ਵਿਚ ਪਾ ਦਿੰਦੇ ਹੋ। ਇਸ ਲਈ ਰੇਲਵੇ ਟਰੈਕ ਉਤੇ ਕਦੀ ਵੀ ਕੋਈ ਸਟੰਟ ਜਾਂ ਰੀਲ ਨਹੀਂ ਬਣਾਉਣੀ ਚਾਹੀਦੀ।
ਜੇਕਰ ਤੁਸੀਂ ਸੜਕ ਉਤੇ ਹਾਈ ਸਪੀਡ ਬਾਈਕ ਅਤੇ ਕਾਰ ਸਟੰਟ ਕਰਦੇ ਹੋਏ ਇੰਸਟਾਗ੍ਰਾਮ ਰੀਲ ਬਣਾਉਂਦੇ ਹੋ ਤਾਂ ਤੁਹਾਡਾ ਚਲਾਨ ਕੱਟਿਆ ਜਾ ਸਕਦਾ ਹੈ। ਨਾਲ ਹੀ ਜੇਕਰ ਤੁਸੀਂ ਰੀਲ ਕਰਦੇ ਸਮੇਂ ਪੁਲਿਸ ਨਾਲ ਦੁਰਵਿਵਹਾਰ ਕਰਦੇ ਹੋ ਤਾਂ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ।
ਦੇਸ਼ ਵਿਚ ਕਈ ਅਜਿਹੀਆਂ ਥਾਵਾਂ ਹਨ, ਜਿਥੇ ਸਰਕਾਰ ਅਤੇ ਸੁਰੱਖਿਆ ਪ੍ਰਣਾਲੀ ਵੀਡੀਓ ਬਣਾਉਣ ਉਤੇ ਪਾਬੰਦੀ ਲਗਾਉਂਦੀ ਹੈ। ਜੇਕਰ ਤੁਸੀਂ ਇਨ੍ਹਾਂ ਥਾਵਾਂ ਉਤੇ ਇੰਸਟਾਗ੍ਰਾਮ ਰੀਲ ਬਣਾਉਂਦੇ ਹੋ ਤਾਂ ਤੁਹਾਨੂੰ ਸਖਤ ਸਜ਼ਾ ਮਿਲ ਸਕਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਇਨ੍ਹਾਂ ਥਾਵਾਂ ਉਤੇ ਜਾਣ ਉਤੇ ਪਾਬੰਦੀ ਲਗਾਈ ਜਾ ਸਕਦੀ ਹੈ।