ਜਲੰਧਰ | ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਸ ਵਾਰ ਸਿਰਫ਼ ਇੱਕ ਦਿਨ ਦਾ ਹੀ ਹੋਵੇਗਾ। ਇਸ ਵਾਰ 27 ਦਸੰਬਰ ਨੂੰ ਸੰਮੇਲਨ ਨਾਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਸ੍ਰੀ ਦੇਵੀ ਤਲਾਬ ਮੰਦਿਰ ਦੇ ਸ੍ਰੀ ਰਾਮ ਹਾਲ ਵਿੱਚ ਕਰਵਾਇਆ ਜਾਵੇਗਾ।

ਸਭਾ ਦੇ ਜਨਰਲ ਸਕੱਤਰ ਦੀਪਕ ਬਾਲੀ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਨੂੰ ਦੇਖਦਿਆਂ ਸਰੋਤਿਆਂ ਨੂੰ ਛੇ-ਛੇ ਫੁੱਟ ਦੀ ਦੂਰੀ ਤੇ ਬਿਠਾਉਣ ਦਾ ਪ੍ਰਬੰਧ ਕੀਤਾ ਜਾਵੇਗਾ। 27 ਦਸੰਬਰ ਨੂੰ ਸਵੇਰੇ 9.30 ਵਜੇ ਬਾਬਾ ਹਰਿਵੱਲਭ ਜੀ ਦੀ ਸਮਾਧੀ ਤੇ ਹਵਨ ਕਰਨ ਉਪਰੰਤ ਸਵੇਰੇ 11.00 ਵਜੇ ਸੰਗੀਤ ਸੰਮੇਲਨ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੋਵੇਗੀ।

ਸੰਜੀਵ ਸ਼ੰਕਰ ਤੇ ਅਸ਼ਵਨੀ ਸ਼ੰਕਰ ਸ਼ਹਿਨਾਈ ਵਾਦਨ ਪੇਸ਼ ਕਰਣਗੇ। ਇਸ ਤੋਂ ਬਾਅਦ ਪ੍ਰਸ਼ਾਂਤ ਮਲਿਕ ਤੇ ਨਿਸ਼ਾਂਤ ਮਲਿਕ ਧਰੁਪਦ ਗਾਇਨ ਰਾਹੀਂ ਹਾਜਰੀ ਭਰਣਗੇ।

ਪੰਜਾਬ ਦੇ ਤਿੰਨ ਮਹਾਨ ਕਲਾਕਾਰ ਮਨੂ ਸੀਨ ਸਿਤਾਰ ਵਾਦਨ, ਉਨ੍ਹਾਂ ਦੇ ਨਾਲ ਕਾਲੇ ਰਾਮ ਤਬਲਾ ਤੇ ਪੰਡਤ ਰਮਾਕਾਂਤ ਆਪਣੇ ਸ਼ਗਿਰਦਾਂ ਨਾਲ ਤਬਲੇ ਤੇ ਸੰਗਤ ਕਰਣਗੇ।

ਸਮਾਗਮ ਦੇ ਅਖੀਰ ਵਿੱਚ ਸ਼ਾਸਤਰੀ ਗਾਇਕੀ ਵਿੱਚ ਬਹੁਤ ਉੱਚਾ ਸਥਾਨ ਰੱਖਣ ਵਾਲੇ ਮਿਸ਼ਰਾ ਪਰਿਵਾਰ ਦੇ ਨੌਜਵਾਨ ਗਾਇਕ ਰਿਤੇਸ਼ ਮਿਸ਼ਰਾ ਤੇ ਰਜਨੀਸ਼ ਮਿਸ਼ਰਾ ਹੋਰ ਰਾਗਾਂ ਤੋਂ ਇਲਾਵਾ ਬਹਾਰ ਰਾਗ ਪੇਸ ਕਰਕੇ ਸਮਾਪਤ ਕਰਣਗੇ।

145ਵੇਂ ਸ੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਹੋਈ ਮੀਟਿੰਗ ਵਿੱਚ ਪ੍ਰਧਾਨ ਸ੍ਰੀਮਤੀ ਪੂਰਨਿਮਾ ਬੇਰੀ ਨੇ ਦੱਸਿਆ ਕਿ ਸਮਾਗਮ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ।

ਮੀਟਿੰਗ ਵਿੱਚ ਨਿਤਿਨ ਕਪੂਰ, ਸੰਗਤ ਰਾਮ, ਗੁਰਮੀਤ ਸਿੰਘ, ਰਮੇਸ਼ ਮੌਦਗਿੱਲ, ਕੁਲਵਿੰਦਰ ਦੀਪ ਕੌਰ ਅਤੇ ਕਲਾਕਾਰ ਅਮਿਤ ਜੁਰਫ ਹਾਜ਼ਰ ਸਨ।