ਅੰਮ੍ਰਿਤਸਰ| ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਕਤਲ ਕੀਤੇ ਗਏ ਹਿੰਦੂ ਨੇਤਾ ਸੁਧੀਰ ਸੂਰੀ ਦੇ ਭਰਾ ਵੱਲੋਂ ਉਸ ਉੱਤੇ ਹੋਏ ਅੱਤਵਾਦੀ ਹਮਲੇ ਦੇ ਇਲਜ਼ਾਮਾਂ ਨੂੰ ਪੁਲਿਸ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਏਡੀਸੀਪੀ ਅਭਿਮਨਿਊ ਰਾਣਾ ਨੇ ਕਿਹਾ ਕਿ ਬ੍ਰਿਜ ਮੋਹਨ ਸੂਰੀ ਉੱਤੇ ਕਿਸੇ ਤਰ੍ਹਾਂ ਦਾ ਕੋਈ ਵੀ ਅੱਤਵਾਦੀ ਹਮਲਾ ਨਹੀਂ ਹੋਇਆ, ਸਗੋਂ ਪੁਲਿਸ ਦੀ ਮੌਜੂਦਗੀ ਵਿੱਚ ਸੂਰੀ ਵੱਲੋਂ ਦੋ ਗੋਲ਼ੀਆਂ ਜ਼ਰੂਰ ਚਲਾਈਆਂ ਗਈਆਂ ਸਨ।

ਦਰਅਸਲ ਬ੍ਰਿਜ ਮੋਹਨ ਸੂਰੀ ਨੇ ਇਲਜ਼ਾਮ ਲਗਾਏ ਸਨ ਕਿ ਉਸਨੂੰ ਫੋਨ ਕਰਕੇ ਕਿਸੇ ਅੱਤਵਾਦੀ ਵੱਲੋਂ ਧਮਕੀ ਦਿੱਤੀ ਗਈ ਸੀ ਅਤੇ ਉਸ ਉੱਤੇ ਹਮਲਾ ਕਰਨ ਦੀ ਗੱਲ ਕਹੀ ਗਈ ਸੀ। ਸੂਰੀ ਮੁਤਾਬਿਕ ਰਾਤ ਨੂੰ ਫੋਨ ਕਰਨ ਵਾਲੇ ਅੱਤਵਾਦੀ ਉਸਦੇ ਘਰ ਦੇ ਬਾਹਰ ਰੇਲਵੇ ਟ੍ਰੈਕ ‘ਤੇ ਆਏ ਅਤੇ ਉਸ ਉੱਤੇ ਹਮਲਾ ਕੀਤਾ ਗਿਆ।

ਇਸ ਹਮਲੇ ਦੀ ਜਵਾਬੀ ਕਾਰਵਾਈ ਦੌਰਾਨ ਸੂਰੀ ਵੱਲੋਂ ਵੀ ਦੋ ਫਾਇਰ ਕੀਤੇ ਗਏ। ਸੂਰੀ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਸਬੰਧਿਤ ਪੁਲਿਸ ਚੌਂਕੀ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਸਬੰਧੀ ਸੂਰੀ ਵੱਲੋਂ ਸੋਸ਼ਲ ਮੀਡੀਆ ‘ਤੇ ਕੁੱਝ ਮੈਸੇਜ ਵੀ ਵਾਇਰਲ ਕੀਤੇ ਗਏ।