ਖਰੜ | ਪੰਜਾਬ ਵਿਚ ਇਕ ਵਾਰ ਫਿਰ ਗੈਂਗਵਾਰ ਦੇਖਣ ਨੂੰ ਮਿਲੀ। ਮੁਹਾਲੀ ਦੇ ਖਰੜ ‘ਚ ਪੇਸ਼ੀ ਭੁਗਤਣ ਜਾ ਰਹੇ ਬੰਬੀਹਾ ਗਰੁੱਪ ਦੇ ਗੁਰਮੀਤ ਅਤੇ ਪ੍ਰਦੀਪ ‘ਤੇ ਲਾਰੈਂਸ ਬਿਸ਼ਨੋਈ ਦੇ ਗੁੰਡਿਆਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ‘ਚ ਪ੍ਰਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਦੋਵੇਂ ਗੁਰਲਾਲ ਕਤਲ ਕੇਸ ਨਾਲ ਸਬੰਧਤ ਕੇਸ ਵਿਚ ਪੇਸ਼ੀ ਲਈ ਚੰਡੀਗੜ੍ਹ ਅਦਾਲਤ ਵਿਚ ਜਾ ਰਹੇ ਸਨ। ਇਹ ਘਟਨਾ ਖਰੜ ਦੇ ਪਿੰਡ ਰੁੜਕੀ ਵਿਚ ਹੋਈ ਹੈ।

ਗੁਰਲਾਲ ਬਰਾੜ ਇਕ ਮਾਲ ਦੇ ਬਾਹਰ ਆਪਣੀ ਕਾਰ ਵਿਚ ਬੈਠਾ ਕਿਸੇ ਦੇ ਆਉਣ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਬਾਈਕ ਸਵਾਰ ਨੌਜਵਾਨਾਂ ਨੇ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਮੁਲਜ਼ਮਾਂ ਨੇ ਮੂੰਹ ਢਕੇ ਹੋਏ ਸਨ। ਸਿਰ ਵਿੱਚ ਗੋਲੀ ਲੱਗਣ ਕਾਰਨ ਗੁਰਲਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਪੁਲਿਸ ਅਤੇ ਗੁਰਲਾਲ ਦੇ ਦੋਸਤ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਗੈਂਗਸਟਰ ਬਿਸ਼ਨੋਈ ਅਤੇ ਬੰਬੀਹਾ ਗਰੁੱਪ ਦੀ ਦੁਸ਼ਮਣੀ ‘ਚ ਗੁਰਮੀਤ ਅਤੇ ਪ੍ਰਦੀਪ ‘ਤੇ 7 ਗੋਲੀਆਂ ਚਲਾਈਆਂ ਗਈਆਂ ਸਨ। ਪ੍ਰਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੁਰਮੀਤ ਕੁਝ ਮਹੀਨੇ ਪਹਿਲਾਂ ਹੀ ਬੁਡੈਲ ਜੇਲ੍ਹ ਤੋਂ ਰਿਹਾਅ ਹੋਇਆ ਸੀ। ਲਾਰੈਂਸ ਦੇ ਨਜ਼ਦੀਕੀ ਸਹਿਯੋਗੀ ਅਤੇ SOPU ਨੇਤਾ ਗੁਰਲਾਲ ਨੂੰ 10 ਅਕਤੂਬਰ 2020 ਨੂੰ ਉਦਯੋਗਿਕ ਖੇਤਰ ਵਿਚ ਗੋਲੀ ਮਾਰ ਦਿੱਤੀ ਗਈ ਸੀ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।