ਕੁਰਾਲੀ | ਚੰਡੀਗੜ੍ਹ ਨਜ਼ਦੀਕ ਕੁਰਾਲੀ ‘ਚ ਸਾਲੇ ਦਾ ਕਤਲ ਕਰਨ ਵਾਲਾ ਜੀਜਾ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਸਿਮਰਜੀਤ ਸਿੰਘ ਪਿੰਡ ਪਪਰਾਲੀ ਦਾ ਰਹਿਣ ਵਾਲਾ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਕਤਲ ਵਿੱਚ ਵਰਤਿਆ ਚਾਕੂ ਤੇ ਕਾਰ ਬਰਾਮਦ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਲਿਆ ਹੈ।

18 ਜੁਲਾਈ ਨੂੰ ਪਿੰਡ ਰਤਨਗੜ੍ਹ ਸਿੰਬਲ ਦੇ ਵਸਨੀਕ ਚੰਨਪ੍ਰੀਤ ਸਿੰਘ ਦਾ ਸਿਮਰਜੀਤ ਸਿੰਘ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਉਦੋਂ ਤੋਂ ਹੀ ਮੁਲਜ਼ਮ ਸਿਮਰਜੀਤ ਸਿੰਘ ਫਰਾਰ ਸੀ। ਦੋਸ਼ੀ ਨੇ ਦੱਸਿਆ ਕਿ ਉਸਦੀ ਪੱਗ ਉਤਾਰ ਦਿੱਤੀ ਗਈ ਸੀ। ਇਸ ਗੱਲ ਕਰਕੇ ਉਸਨੂੰ ਗੁੱਸਾ ਸੀ। ਬਦਲਾ ਲੈਣ ਲਈ ਇਹ ਕਤਲ ਹੋਇਆ ਹੈ।

ਪੁਲੀਸ ਨੇ ਉਸ ਨੂੰ ਗੁਰਦੁਆਰਾ ਸ੍ਰੀ ਸ਼ੀਸ਼ ਮਹਿਲ ਤੋਂ ਗ੍ਰਿਫ਼ਤਾਰ ਕੀਤਾ ਹੈ। ਐਸਪੀ ਦਿਹਾਤੀ ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਕਤਲ ਦਾ ਜੁਰਮ ਕਬੂਲ ਕਰ ਲਿਆ ਹੈ। ਉਸ ਨੇ ਤੇਜ਼ਧਾਰ ਚਾਕੂ ਨਾਲ ਮ੍ਰਿਤਕ ਦੇ ਕਈ ਵਾਰ ਕੀਤੇ ਸਨ।

ਮ੍ਰਿਤਕ ਚੰਨਪ੍ਰੀਤ ਸਿੰਘ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ। ਪੁਲੀਸ ਅਨੁਸਾਰ ਚੰਨਪ੍ਰੀਤ ਸਿੰਘ ਦੀ ਭੈਣ ਨਰਿੰਦਰ ਕੌਰ ਦਾ ਵਿਆਹ ਸਿਮਰਨਜੀਤ ਸਿੰਘ ਨਾਲ ਹੋਇਆ ਸੀ। ਨਰਿੰਦਰ ਕੌਰ ਦਾ ਇੱਕ ਛੋਟਾ ਬੱਚਾ ਵੀ ਹੈ ਪਰ ਪਤੀ-ਪਤਨੀ ਦਾ ਰਿਸ਼ਤਾ ਠੀਕ ਨਹੀਂ ਸੀ। ਦੋਵਾਂ ਵਿਚਾਲੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ।

ਨਰਿੰਦਰ ਕੌਰ ਕਰੀਬ ਛੇ ਮਹੀਨਿਆਂ ਤੋਂ ਪੇਕੇ ਘਰ ਰਹਿ ਰਹੀ ਸੀ। 18 ਜੁਲਾਈ ਦੀ ਸ਼ਾਮ ਨੂੰ ਚੰਨਪ੍ਰੀਤ ਸਿੰਘ ਆਪਣੀ ਭੈਣ ਨਾਲ ਮੋਟਰਸਾਈਕਲ ’ਤੇ ਬਾਜ਼ਾਰ ’ਚੋਂ ਸਾਮਾਨ ਲੈਣ ਗਿਆ ਸੀ। ਫਿਰ ਦੋਸ਼ੀ ਵੀ ਦੋਹਾਂ ਦਾ ਪਿੱਛਾ ਕਰਦੇ ਹੋਏ ਉਥੇ ਪਹੁੰਚ ਗਏ। ਜਦੋਂ ਚੰਨਪ੍ਰੀਤ ਸਿੰਘ ਹਸਪਤਾਲ ਦੇ ਸਾਹਮਣੇ ਸਾਮਾਨ ਖਰੀਦਣ ਲਈ ਰੁਕਿਆ ਤਾਂ ਮੁਲਜ਼ਮਾਂ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।