ਉਤਰ ਪ੍ਰਦੇਸ਼, 6 ਜਨਵਰੀ | ਉਮੇਸ਼ ਪਾਲ ਅਤੇ ਉਸ ਦੇ 2 ਸਰਕਾਰੀ ਸੁਰੱਖਿਆ ਕਰਮਚਾਰੀਆਂ ਦੇ ਕਤਲ ਲਈ ਲੋੜੀਂਦੀ ਸ਼ਾਇਸਤਾ ਪਰਵੀਨ ਦੀ ਜ਼ਮੀਨ ਅਤੇ ਘਰ ਹੁਣ ਇਕੱਠੇ ਕੁਰਕ ਕੀਤੇ ਜਾਣਗੇ। ਇਸ ਸਬੰਧੀ ਪੁਲਿਸ ਵੱਲੋਂ ਤਿਆਰੀਆਂ ਜਾਰੀ ਹਨ। ਸ਼ਾਹਗੰਜ ‘ਚ ਮਾਫ਼ੀਆ ਅਤੀਕ ਦੀ ਪਤਨੀ ਸ਼ਾਇਸਤਾ ਦੇ ਨਾਂ ‘ਤੇ ਇਕ ਪਲਾਟ ਹੈ, ਜਿਸ ਦੀ ਕੀਮਤ ਇਕ ਕਰੋੜ ਤੋਂ ਜ਼ਿਆਦਾ ਦੱਸੀ ਜਾਂਦੀ ਹੈ।
ਇਸ ਤੋਂ ਇਲਾਵਾ ਚੱਕੀਆ ਵਿਚ ਕਿਰਾਏ ਦੇ ਮਕਾਨ ਜੋ ਕਿ ਢਾਹਿਆ ਗਿਆ ਸੀ, ਉਸ ਵਿਚੋਂ ਕੱਢਿਆ ਸਾਮਾਨ ਵੀ ਜ਼ਬਤ ਕਰ ਲਿਆ ਜਾਵੇਗਾ। ਤੀਹਰੇ ਕਤਲ ਕੇਸ ਵਿਚ ਲੋੜੀਂਦੀ ਸ਼ਾਇਸਤਾ ਪਰਵੀਨ ‘ਤੇ 50 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਉਹ ਕਰੀਬ 10 ਮਹੀਨਿਆਂ ਤੋਂ ਲਗਾਤਾਰ ਫਰਾਰ ਹੈ। ਗ੍ਰਿਫ਼ਤਾਰੀ ਨਾ ਹੋਣ ਕਾਰਨ ਪੁਲਿਸ ਅਦਾਲਤ ਦੇ ਹੁਕਮਾਂ ’ਤੇ ਉਸ ਦੀ ਜਾਇਦਾਦ ਜ਼ਬਤ ਕਰਨ ਦੀ ਤਿਆਰੀ ਕਰ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਮਾਫੀਆ ਅਤੀਕ ਨੇ ਕਈ ਸਾਲ ਪਹਿਲਾਂ ਆਪਣੀ ਪਤਨੀ ਦੇ ਨਾਂ ‘ਤੇ ਸ਼ਾਹਗੰਜ ‘ਚ ਇਕ ਕੀਮਤੀ ਪਲਾਟ ਲਿਆ ਸੀ। ਆਪਰੇਸ਼ਨ ਜ਼ਿਰਾਫ ਤਹਿਤ ਪੁਲਿਸ ਟੀਮ ਨੂੰ ਉਸ ਜਾਇਦਾਦ ਬਾਰੇ ਪਤਾ ਲੱਗਾ ਸੀ। ਜਾਂਚ ‘ਚ ਸਪੱਸ਼ਟ ਹੋਇਆ ਹੈ ਕਿ ਅਚੱਲ ਸੰਪਤੀ ਅਪਰਾਧ ਤੋਂ ਕਮਾਏ ਪੈਸੇ ਤੋਂ ਬਣਾਈ ਗਈ ਸੀ, ਜਿਸ ਨੂੰ ਗੈਂਗਸਟਰ ਐਕਟ ਦੀ ਧਾਰਾ 14 (1) ਤਹਿਤ ਭਵਿੱਖ ‘ਚ ਵੀ ਜ਼ਬਤ ਕੀਤਾ ਜਾ ਸਕਦਾ ਹੈ। ਇਸ ਕਤਲ ਕੇਸ ਵਿਚ ਲੋੜੀਂਦੇ ਸ਼ੂਟਰ ਸਾਬਿਰ, ਅਰਮਾਨ ਬਿਹਾਰੀ, ਬੰਬਾਰ ਗੁੱਡੂ ਮੁਸਲਿਮ ਅਤੇ ਜ਼ੈਨਬ ਫਾਤਿਮਾ ਸਮੇਤ ਕਈ ਲੋਕਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ।