ਉਤਰ ਪ੍ਰਦੇਸ਼, 24 ਫਰਵਰੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਯੂਪੀ ‘ਚ ਸ਼ਨੀਵਾਰ ਸਵੇਰੇ ਏਟਾ ਦੇ ਪਿੰਡ ਕਾਸਾ ਪੂਰਵੀ ਤੋਂ ਗੰਗਾ ਇਸ਼ਨਾਨ ਲਈ ਜਾ ਰਹੇ ਪਿੰਡ ਵਾਲਿਆਂ ਦਾ ਟਰੈਕਟਰ ਬਦਾਯੂੰ ਹਾਈਵੇਅ ‘ਤੇ ਸਥਿਤ ਛੱਪੜ ‘ਚ ਪਲਟ ਗਿਆ। ਹਾਦਸੇ ‘ਚ 19 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਇਕ ਦਰਜਨ ਜ਼ਖ਼ਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਤੇ ਜ਼ਿਲ੍ਹਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਮਰਨ ਵਾਲਿਆਂ ਦੀ ਗਿਣਤੀ 2 ਦਰਜਨ ਤੱਕ ਪਹੁੰਚ ਸਕਦੀ ਹੈ।
ਪਿੰਡ ਵਾਲੇ ਕਾਦਰਗੰਜ ਗੰਗਾ ਘਾਟ ‘ਤੇ ਇਸ਼ਨਾਨ ਲਈ ਟਰੈਕਟਰ ‘ਤੇ ਨਿਕਲੇ ਸਨ। ਟਰੈਕਟਰ-ਟਰਾਲੀ ‘ਚ ਔਰਤਾਂ ਦੇ ਨਾਲ-ਨਾਲ ਕਈ ਬੱਚੇ ਵੀ ਸਵਾਰ ਸਨ। ਜਾਣਕਾਰੀ ਮੁਤਾਬਕ ਸਵੇਰੇ ਕਰੀਬ 11 ਵਜੇ ਦਰਿਆਬਗੰਜ ਨੇੜੇ ਹਾਈਵੇਅ ‘ਤੇ ਟਰੈਕਟਰ ਦੀ ਕਪਲਿੰਗ ਅਚਾਨਕ ਟੁੱਟ ਗਈ, ਜਿਸ ਕਾਰਨ ਟਰੈਕਟਰ ਤੇ ਟਰਾਲੀ ਬੇਕਾਬੂ ਹੋ ਕੇ ਛੱਪੜ ‘ਚ ਜਾ ਡਿੱਗੀ। ਇਸ ਤੋਂ ਬਾਅਦ ਚੀਕ-ਚਿਹਾੜਾ ਮਚ ਗਿਆ।
ਹਾਈਵੇਅ ਤੋਂ ਲੰਘ ਰਹੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਛੱਪੜ ‘ਚੋਂ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਦੁਪਹਿਰ ਤਕ 15 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਸਨ। ਇਸ ਤੋਂ ਬਾਅਦ 4 ਹੋਰ ਲਾਸ਼ਾਂ ਬਰਾਮਦ ਹੋਈਆਂ। ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ। ਗਿਣਤੀ ਹੋਰ ਵਧਣ ਦੀ ਉਮੀਦ ਹੈ। ਹਾਦਸੇ ਦੀ ਸੂਚਨਾ ਮਿਲਣ ‘ਤੇ ਪਿੰਡ ਕਸਾ ਪੂਰਬੀ ਦੇ ਲੋਕ ਉਥੇ ਪਹੁੰਚ ਗਏ।