ਜਲੰਧਰ/ਲੁਧਿਆਣਾ/ਅੰਮ੍ਰਿਤਸਰ | ਪੰਜਾਬ ਵਿਚ ਪੱਛਮੀ ਗੜਬੜੀ ਮੱਠੀ ਪੈ ਗਈ ਹੈ। ਮੌਸਮ ਵਿਭਾਗ ਨੇ 2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਪਰ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਪੰਜਾਬ ਵਿਚ ਵੀ ਗਰਮੀ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਗਰਮੀ ਦਾ ਕਹਿਰ ਹੋਰ ਵਧਣ ਵਾਲਾ ਹੈ। ਆਉਣ ਵਾਲੇ ਦਿਨਾਂ ‘ਚ ਪੰਜਾਬ ‘ਚ ਤਾਪਮਾਨ 4 ਡਿਗਰੀ ਤੱਕ ਵਧੇਗਾ।

ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਬੀਤੇ ਦਿਨ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿਚ 1.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਹ ਬਦਲਾਅ ਪਿਛਲੇ ਦਿਨੀਂ ਪਏ ਮੀਂਹ ਅਤੇ ਗੜ੍ਹੇਮਾਰੀ ਕਾਰਨ ਹੋਇਆ ਹੈ। ਇਸ ਦੇ ਨਾਲ ਹੀ ਪੰਜਾਬ ਦਾ ਘੱਟੋ-ਘੱਟ ਤਾਪਮਾਨ ਆਮ ਵਾਂਗ ਰਿਹਾ ਹੈ। ਕੱਲ ਪਟਿਆਲਾ ਨੂੰ ਛੱਡ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਤਾਪਮਾਨ 35 ਡਿਗਰੀ ਤੋਂ ਘੱਟ ਰਿਹਾ।

ਇਸ ਦੇ ਨਾਲ ਹੀ ਐਤਵਾਰ ਸਵੇਰੇ ਪੰਜਾਬ ਦਾ ਘੱਟੋ-ਘੱਟ ਤਾਪਮਾਨ 18 ਤੋਂ 20 ਡਿਗਰੀ ਦੇ ਵਿਚਕਾਰ ਰਿਹਾ। ਜਦਕਿ ਆਉਣ ਵਾਲੇ ਦਿਨਾਂ ‘ਚ 1 ਤੋਂ 2 ਡਿਗਰੀ ਦਾ ਵਾਧਾ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਮੁਤਾਬਕ ਦੋ ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਆਉਣ ਵਾਲੇ 7 ਦਿਨਾਂ ਵਿਚ ਤੇਜ਼ ਧੁੱਪ ਹੋਵੇਗੀ, ਜਿਸ ਕਾਰਨ ਦਿਨ ਦਾ ਤਾਪਮਾਨ ਵਧੇਗਾ ਪਰ ਮੌਸਮ ਵਿਭਾਗ ਨੇ ਪਿਛਲੇ 7 ਦਿਨਾਂ ਤੋਂ ਹੀਟ ਵੇਵ ਨੂੰ ਲੈ ਕੇ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ।