ਲੁਧਿਆਣਾ | ਬਟਾਲਾ ਡਿਪੂ ਦੇ ਮੁਲਾਜ਼ਮ ਖ਼ਿਲਾਫ਼ ਕੀਤੀ ਗਈ ਕਾਰਵਾਈ ਦੇ ਵਿਰੋਧ ‘ਚ ਪਨਬੱਸ, ਪੀਆਰਟੀਸੀ ਠੇਕਾ ਮੁਲਾਜ਼ਮਾਂ ਵੱਲੋਂ ਸ਼ੁਰੂ ਹੜਤਾਲ ਚੌਥੇ ਦਿਨ ਵੀ ਜਾਰੀ ਹੈ, ਜਿਸ ਕਾਰਨ ਲੁਧਿਆਣਾ ਦੇ ਬੱਸ ਸਟੈਂਡ ਵਿਖੇ ਯਾਤਰੀਆਂ ਨੂੰ ਕਾਫੀ ਦਿੱਕਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪ੍ਰਦਰਸ਼ਨ ਕਰ ਰਹੇ ਪਨਬੱਸ, ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਨੇ ਕਿਹਾ ਕਿ ਪਿਛਲੇ ਦਿਨੀਂ ਬਟਾਲਾ ਡਿਪੂ ਦੇ ਇੱਕ ਮੁਲਾਜ਼ਮ ਖ਼ਿਲਾਫ਼ ਨਾਜਾਇਜ਼ ਕਾਰਵਾਈ ਕੀਤੀ ਗਈ ਹੈ, ਜਿਸ ਦੇ ਵਿਰੋਧ ‘ਚ ਉਹ ਪਿਛਲੀ 9 ਤਾਰੀਖ ਤੋਂ ਬਟਾਲਾ ਡਿਪੂ ਦੀ ਟੈਂਕੀ ‘ਤੇ ਚੜ੍ਹਿਆ ਹੋਇਆ ਹੈ ਅਤੇ ਉਸ ਦੀ ਹਮਾਇਤ ਵਿੱਚ ਪੂਰੇ ਪੰਜਾਬ ਵਿਚ ਠੇਕਾ ਮੁਲਾਜ਼ਮਾਂ ਵੱਲੋਂ ਹੜਤਾਲ ਜਾਰੀ ਹੈ, ਜੋ ਅੱਜ ਚੌਥੇ ਦਿਨ ‘ਚ ਦਾਖਲ ਹੋ ਚੁੱਕੀ ਹੈ। ਉਨ੍ਹਾਂ ਸਰਕਾਰ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਤੇ ਮੈਨੇਜਮੈਂਟ ਨੇ ਕੰਡਕਟਰ ਖ਼ਿਲਾਫ਼ ਕੀਤੀ ਗਈ ਕਾਰਵਾਈ ਨੂੰ ਜਦ ਵਾਪਸ ਨਹੀਂ ਲਿਆ ਅਤੇ ਫਿਰੋਜ਼ਪੁਰ ਡਿਪੂ ਦੇ ਮੁਲਾਜ਼ਮਾਂ ਦੀਆਂ ਬਦਲੀਆਂ ਰੱਦ ਨਹੀਂ ਕੀਤੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿਚ ਲੰਬਾ ਸੰਘਰਸ਼ ਕੀਤਾ ਜਾਵੇਗਾ।