ਜਲੰਧਰ | ਕਹਿੰਦੇ ਨੇ ਮਜਬੂਰੀ ਉਮਰ ਨਹੀਂ ਦੇਖਦੀ । ਮਜਬੂਰੀ ਅਤੇ ਹਾਲਾਤ ਇਨਸਾਨ ਕੋਲੋਂ ਕੁਝ ਵੀ ਕਰਵਾ ਸਕਦੇ ਨੇ । ਇੰਨਾ ਹਾਲਾਤਾਂ ਵਿਚ ਇਨਸਾਨ ਅੰਦਰ ਜੇ ਜਿੰਦਗੀ ਨੂੰ ਆਪਣੇ ਅਸੂਲਾਂ ਮੁਤਾਬਿਕ ਜੀਣ ਦਾ ਜਜ਼ਬਾ ਹੋਵੇ ਤਾਂ ਉਹ ਕਈਆਂ ਲਈ ਪ੍ਰੇਰਨਾ ਦਾ ਸਰੋਤ ਬਣ ਜਾਂਦਾ ਹੈ।
ਇਹੋ ਜਿਹਾ ਹੀ ਵੇਖਣ ਨੂੰ ਮਿਲਦਾ ਹੈ ਹਰ ਰਾਤ ਜਲੰਧਰ ਦੀ ਫਗਵਾੜਾ ਗੇਟ ਮਾਰਕੀਟ ਦੀ ਸੜਕ ਕਿਨਾਰੇ। ਇੱਥੇ ਪਿਛਲੇ 30 ਸਾਲਾਂ ਤੋਂ ਰੋਜ਼ ਇੱਕ ਬਜੁਰਗ ਬੀਬੀ ਰਾਤ 8 ਵਜੇ ਤੋਂ ਸਵੇਰੇ 2 ਵਜੇ ਤੱਕ ਪਰੋਂਠੇ ਬਣਾ ਕੇ ਵੇਚਦੀ ਹੈ।


ਜਲੰਧਰ ਸ਼ਹਿਰ ਦਾ ਫਗਵਾੜਾ ਗੇਟ ਬਾਜ਼ਾਰ ਸਵੇਰ ਤੋਂ ਲੈ ਕੇ ਰਾਤ ਤੱਕ ਰੋਸ਼ਨੀਆਂ ਨਾਲ ਰੋਸ਼ਨ ਰਹਿੰਦਾ ਹੈ। ਰਾਤ ਨੂੰ ਇਸੇ ਬਾਜ਼ਾਰ ਵਿਚ ਇੱਕ 75 ਸਾਲ ਦੀ ਬੀਬੀ ਬੰਦ ਦੁਕਾਨਾਂ ਅੱਗੇ ਪਰੌਂਠੇ ਬਣਾਕੇ ਕੇ ਵੇਚਣ ਦਾ ਕੱਮ ਕਰਦੀ ਹੈ। ਇਹ ਮਹਿਲਾ ਰਾਤ ਕਰੀਬ 8 ਵਜੇ ਆਪਣੇ ਸਾਈਕਲ ਤੇ ਆਪਣਾ ਸਮਾਨ ਲੈਕੇ ਇਥੇ ਪਹੁੰਚਦੀ ਹੈ ਅਤੇ ਸਵੇਰੇ ਕਰੀਬ ਦੋ ਤਿੰਨ ਵਜੇ ਤੱਕ ਕੱਮ ਕਰਦੀ ਹੈ। ਸਾਰੀ ਰਾਤ ਸੜਕ ਕਿਨਾਰੇ ਬੰਦ ਦੁਕਾਨ ਅੱਗੇ ਪਰਾਂਠੇ ਬਣਾਣ ਵਾਲੀ ਇਸ ਮਹਿਲਾ ਕੋਲ ਸਾਰੀ ਰਾਤ ਭੁੱਖੇ ਰਾਹਗੀਰ ਇਸਦੇ ਬਨੇ ਹੋਏ ਪਰਾਂਠੇ ਖਾਂਦੇ ਹਨ ਜਿਸ ਨਾਲ ਇਸਨੂੰ ਥੋੜੀ ਕਮਾਈ ਹੋ ਜਾਂਦੀ ਹੈ ਅਤੇ ਆਪਣੇ ਘਰ ਦਾ ਗੁਜ਼ਾਰਾ ਕਰਦੀ ਹੈ।


ਆਪਣੇ ਬਾਰੇ ਦੱਸਦੀ ਹੋਈ ਇਹ ਬੀਬੀ ਸ਼ਕੁੰਤਲਾ ਦੱਸਦੀ ਹੈ ਕਿ ਉਸਦਾ ਆਪਣਾ ਇੱਕ ਪਰਿਵਾਰ ਹੈ ਪਰ ਉਸਦੀ ਇੰਨੀ ਕਮਾਈ ਨਹੀਂ ਕਿ ਦਿੰਨ ਵਿਚ ਕੱਮ ਕਰਕੇ ਘਰ ਦਾ ਗੁਜ਼ਾਰਾ ਹੋ ਸਕੇ। ਉਹ ਦੱਸਦੀ ਹੈ ਕਿ ਜਿੰਨਾ ਦੁਕਾਨਾਂ ਅੱਗੇ ਉਹ ਇਹ ਕੰਮ ਕਰਦੀ ਹੈ ਉਹ ਉਸਦੀ ਮਾਂ ਦੀਆਂ ਹਨ ਪਰ ਪੁਰਾਣੇ ਸਮੇਂ ਕਿਰਾਏ ਤੇ ਦਿੱਤੀਆਂ ਗਈਆਂ ਇਨ੍ਹਾਂ ਦੁਕਾਨਾਂ ਦਾ ਕਿਰਾਇਆ ਅੱਜ ਵੀ ਸੱਤ ਅੱਠ ਸੌ ਰੁਪਏ ਮਹੀਨਾ ਹੀ ਆਉਂਦਾ ਹੈ। ਘਰ ਦਾ ਗੁਜ਼ਾਰਾ ਨਹੀਂ ਹੁੰਦਾ । ਅੱਜ ਸਾਰੀ ਰਾਤ ਪਰਾਂਠੇ ਬਣਾਕੇ ਵੇਚਣ ਵਾਲੀ ਇਹ ਮਹਿਲਾ ਕਹਿੰਦੀ ਹੈ ਕੀ ਇਨਸਾਨ ਨੂੰ ਆਪਣੇ ਲਈ ਖੁਦ ਮੇਹਨਤ ਕਰਨੀ ਚਾਹੀਦੀ ਹੈ।


ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਬੀਬੀ ਕੋਲ ਗ੍ਰਾਹਕਾਂ ਦੀ ਗਿਣਤੀ ਵੱਧ ਗਈ ਹੈ। ਬੀਬੀ ਕੋਲ ਪਰੋਂਠੇ ਲੈਣ ਆਈ ਇੱਕ ਔਰਤ ਕਹਿੰਦੀ ਹੈ ਕਿ ਉਸ ਦੇ ਬੇਟੇ ਨੇ ਵਿਦੇਸ਼ ‘ਚ ਇਸ ਬੀਬੀ ਦੀ ਵੀਡਿਓ ਵੇਖੀ। ਉਸੇ ਨੇ ਮੈਨੂੰ ਦੱਸਿਆ ਤੇ ਮੈਂ ਇੱਥੇ ਆਈ ਹਾਂ।


ਇਸ ਉਮਰ ਵਿਚ ਵੀ ਆਪਣੇ ਲਈ ਖੁਦ ਮੇਹਨਤ ਕਰਕੇ ਜਿੰਦਗੀ ਜੀਣ ਵਾਲੀ ਇਸ ਬੀਬੀ ਦੀ ਕਾਫੀ ਚਰਚਾ ਹੈ। ਅਸੀਂ ਵੀ ਇਸ ਮਹਿਲਾ ਦੇ ਹੌਸਲੇ ਨੂੰ ਸਲਾਮ ਕਰਦੇ ਹਾਂ।