ਚੰਡੀਗੜ੍ਹ | ਸ਼ਹਿਰ ਵਿਚ ‘ਮਾਰਕਰ’ ਨਾਲ ਖਾਲਿਸਤਾਨੀ ਨਾਅਰਾ ਲਿਖਿਆ ਮਿਲਿਆ। ਇਹ ਨਾਅਰਾ ਸਵੇਰੇ 11 ਵਜੇ ਦੇ ਕਰੀਬ ਸੈਕਟਰ 9/10 ਦੀ ਡਿਵਾਈਡਿੰਗ ਰੋਡ ’ਤੇ ਸੈਕਟਰ 9 ਡੀ ਦੇ ਬੱਸ ਸਟਾਪ ਨੇੜੇ ਇਕ ਖੰਭੇ ’ਤੇ ਲਿਖਿਆ ਹੋਇਆ ਸੀ। ਨਾਅਰੇ ਵਿਚ ਲਿਖਿਆ ਸੀ ਕਿ ‘2030 ਤੱਕ ਖਾਲਿਸਤਾਨ ਬਣਾਉਣਾ ਹੈ।’

ਇਸ ਸਬੰਧੀ ਸੂਚਨਾ ਮਿਲਣ ’ਤੇ ਚੰਡੀਗੜ੍ਹ ਪੁਲਿਸ ਨੇ ਇਸ ਨੂੰ ਸਾਫ਼ ਕਰ ਦਿੱਤਾ। ਵਰਨਣਯੋਗ ਹੈ ਕਿ ਇਕ ਦਿਨ ਪਹਿਲਾਂ ਚੰਡੀਗੜ੍ਹ ਵਿਚ ਕੰਧਾਂ ਉੱਤੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਨਾਅਰੇ ਲਿਖੇ ਗਏ ਹਨ। ਕੰਧ ‘ਤੇ ‘ਫ੍ਰੀ ਅੰਮ੍ਰਿਤਪਾਲ’ ਦਾ ਨਾਅਰਾ ਲਿਖਿਆ ਗਿਆ ਹੈ। ਇਹ ਵੀ ਯਾਦ ਰਹੇ ਕਿ ਅੰਮ੍ਰਿਤਪਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਅਤੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।

ਜੀ-20 ਮੀਟਿੰਗ ਅਤੇ ਚੰਡੀਗੜ੍ਹ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਵੱਲੋਂ ਸੰਵੇਦਨਸ਼ੀਲ ਥਾਵਾਂ ‘ਤੇ ਤਲਾਸ਼ੀ ਲਈ ਜਾ ਰਹੀ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮੌਕੇ ਸੈਕਟਰ 9 ਦੇ ਨਵੇਂ ਸਕੱਤਰੇਤ ਦੀ ਇਮਾਰਤ ਦੇ ਬੋਰਡ ‘ਤੇ ਖਾਲਿਸਤਾਨ ਦੇ ਸਮਰਥਨ ‘ਚ ਨਾਅਰੇ ਲਿਖੇ ਹੋਏ ਸਨ।