ਚੰਡੀਗੜ੍ਹ, 27 ਸਤੰਬਰ | ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਵੱਲੋਂ ਅਦਾਲਤ ਵਿਚ ਝੂਠੀ ਜਾਣਕਾਰੀ ਦੇ ਕੇ ਜ਼ਮਾਨਤ ਲੈਣ ਦੇ ਦੋਸ਼ ਹੇਠ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਹਾਈਕੋਰਟ ਨੇ ਕੁਲਬੀਰ ਜ਼ੀਰਾ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਇਸ ਮਾਮਲੇ ਵਿਚ 12 ਨਵੰਬਰ ਤੱਕ ਜਵਾਬ ਦਾਖ਼ਲ ਕਰਨ ਦਾ ਹੁਕਮ ਦਿੱਤਾ ਹੈ।

ਇਹ ਹੈ ਮਾਮਾਲ

ਸ਼ਿਕਾਇਤਕਰਤਾ ਗੁਰਨਾਮ ਸਿੰਘ ਨੇ ਹਾਈਕੋਰਟ ਵਿਚ ਜਾਇਦਾਦ ਵਿਵਾਦ ਵਿਚ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਕਿ ਜ਼ੀਰਾ ਨੇ ਹਾਈ ਕੋਰਟ ਵਿਚ ਜ਼ਮਾਨਤ ਪਟੀਸ਼ਨ ਦਾਇਰ ਕਰਦੇ ਸਮੇਂ ਗਲਤ ਜਾਣਕਾਰੀ ਦਿੱਤੀ ਸੀ। ਜ਼ੀਰਾ ਨੇ ਅਦਾਲਤ ਨੂੰ ਕਿਹਾ ਸੀ ਕਿ ਇਸ ਐਫਆਈਆਰ ਤੋਂ ਇਲਾਵਾ ਉਸ ਵਿਰੁੱਧ ਕੋਈ ਐਫਆਈਆਰ ਨਹੀਂ ਹੈ।

ਪਟੀਸ਼ਨਰ ਨੇ ਕਿਹਾ ਕਿ ਜ਼ੀਰਾ ਨੇ ਹਾਈ ਕੋਰਟ ਵਿਚ ਇਹ ਜਾਣਕਾਰੀ ਛੁਪਾਈ ਸੀ ਕਿ ਇਸ ਕੇਸ ਤੋਂ ਇਲਾਵਾ ਉਸ ਖ਼ਿਲਾਫ਼ ਤਿੰਨ ਹੋਰ ਐਫ.ਆਈ.ਆਰ. ਦਰਜ ਸਨ। ਪੁਲਿਸ ਨੇ ਇਨ੍ਹਾਂ ਤਿੰਨ ਐਫਆਈਆਰਾਂ ਵਿੱਚੋਂ ਦੋ ਰੱਦ ਕਰਨ ਦੀਆਂ ਰਿਪੋਰਟਾਂ ਦਿੱਤੀਆਂ ਹਨ। ਤੀਜੀ ਐਫਆਈਆਰ ਦੀ ਜਾਂਚ ਅਜੇ ਜਾਰੀ ਹੈ।

ਜ਼ਮਾਨਤ ਪਟੀਸ਼ਨ ਵਿਚ ਇਨ੍ਹਾਂ ਤਿੰਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸੀ, ਜੋ ਕਿ ਅਦਾਲਤ ਨਾਲ ਧੋਖਾ ਹੈ। ਪਟੀਸ਼ਨਰ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਜ਼ੀਰਾ ਖ਼ਿਲਾਫ਼ ਧੋਖਾਧੜੀ ਦੀ ਕਾਰਵਾਈ ਕੀਤੀ ਜਾਵੇ।