ਭੋਜਪੁਰ| ਬਿਹਾਰ ਦੇ ਭੋਜਪੁਰ ਵਿਚ ਤਾਬੜਤੋੜ ਫਾਇਰਿੰਗ ਵਿਚ ਇਕ ਮਾਸੂਮ ਬੱਚੇ ਦੀ ਮੌਤ ਹੋ ਗਈ। ਉਦਵੰਤਨਗਰ ਥਾਣਾ ਇਲਾਕੇ ਦੇ ਭੇਲਾਈ ਪਿੰਡ ਵਿਚ ਦੇਰ ਰਾਤ ਹਥਿਆਰਬੰਦ ਅਪਰਾਧੀਆਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ।

ਇਸ ਤੋਂ ਬਾਅਦ 4 ਬਦਮਾਸ਼ ਘਰ ਦਾਖਲ ਹੋਏ ਤੇ 8 ਸਾਲਾ ਲੜਕੀ ਨੂੰ ਪੁੱਛਿਆ ਕਿ ਉਸਦੇ ਪਿਤਾ ਕਿੱਥੇ ਨੇ। ਜਦੋਂ ਲੜਕੀ ਨੇ ਦੱਸਣ ਤੋਂ ਇਨਕਾਰ ਕੀਤਾ ਤਾਂ ਉਸਦੇ ਸਿਰ ਵਿਚ ਗੋਲ਼ੀ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਗੋਲ਼ੀ ਲੱਗਣ ਕਾਰਨ ਲੜਕੀ ਦੀ ਮੌਕੇ ਉਤੇ ਹੀ ਮੌਤ ਹੋ ਗਈ। ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਬੀਤੀ ਰਾਤ ਭੋਜਪੁਰ ਵਿਚ ਵਾਪਰੀ ਇਸ ਘਟਨਾ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਦੱਸਿਆ ਜਾਂਦਾ ਹੈ ਕਿ ਘਰ ਦੇ ਲੋਕ ਰਾਤ ਦਾ ਖਾਣਾ ਖਾ ਕੇ ਸੌਣ ਜਾ ਰਹੇ ਸਨ। 8 ਸਾਲਾਂ ਦੀ ਬੱਚੀ ਆਪਣਾ ਹੋਮਵਰਕ ਕਰ ਰਹੀ ਸੀ। ਦਰਵਾਜ਼ਾ ਖੜਕਾਉਣ ਦੀ ਆਵਾਜ਼ ਸੁਣ ਕੇ ਲੜਕੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਦਮਾਸ਼ਾਂ ਨੇ ਪੁੱਛਿਆ ਕਿ ਕ੍ਰਿਸ਼ਨ ਸਿੰਘ ਕਿੱਥੇ ਹੈ। ਲੜਕੀ ਨੇ ਕਿਹਾ ਕਿ ਪਤਾ ਨਹੀਂ ਤਾਂ ਐਨੇ ਵਿਚ ਹੀ ਉਸਦੇ ਮੱਥੇ ਉਤੇ ਗੋਲ਼ੀ ਮਾਰ ਦਿੱਤੀ।
ਲੜਕੀ ਦੇ ਪਿਤਾ ਨੇ ਦੱਸਿਆ ਕਿ 9 ਵਜੇ 4 ਬੰਦੇ ਘਰ ਆਏ ਅਤੇ ਦਰਵਾਜ਼ਾ ਖੜਕਾਇਆ। ਜਿਵੇਂ ਹੀ ਮੇਰੀ ਬੇਟੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਨੇ ਮੇਰੇ ਬਾਰੇ ਪੁੱਛਿਆ। ਮੇਰੀ ਧੀ ਨੇ ਕਿਹਾ ਕਿ ਉਹ ਘਰ ਨਹੀਂ ਹਨ। ਇਨਕਾਰ ਕਰਨ ਉਤੇ ਵੀ ਉਹ ਘਰ ਵੜ ਗਏ। ਪਰਿਵਾਰ ਵਾਲਿਆਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਮੇਰੀ ਲੜਕੀ ਦੇ ਗੋਲ਼ੀ ਮਾਰ ਦਿੱਤੀ।